ਜਲੰਧਰ : ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ (Punjab Bandh) ਦਾ ਸੱਦਾ ਦਿੱਤਾ ਹੈ। ਜਿਸ ਕਾਰਨ ਅੱਜ ਰੇਲ ਗੱਡੀਆਂ, ਬੱਸਾਂ ਅਤੇ ਰਾਸ਼ਟਰੀ ਰਾਜ ਮਾਰਗ ਬੰਦ ਪਏ ਹਨ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਵਿਆਹ ਲਈ ਜਾ ਰਹੇ ਲਾੜੇ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਲੰਧਰ-ਲੁਧਿਆਣਾ ਹਾਈਵੇ (Jalandhar-Ludhiana Highway) ‘ਤੇ ਧਨੋਵਾਲੀ ਨੇੜੇ ਮੋਰਚੇ ‘ਤੇ ਲਾੜੇ ਨੇ ਹੱਥਾਂ ‘ਚ ਕਿਸਾਨ ਝੰਡਾ ਚੁੱਕ ਕੇ ਸਮਰਥਨ ਦਾ ਐਲਾਨ ਕੀਤਾ।
ਕਿਸਾਨ ਆਗੂ ਨੇ ਕਿਹਾ ਕਿ ਡੱਲੇਵਾਲ 35 ਦਿਨਾਂ ਤੋਂ ਮਰਨ ਵਰਤ ’ਤੇ ਹਨ। ਕਿਸਾਨ ਆਗੂ ਨੇ ਕਿਹਾ ਕਿ ਨਵੰਬਰ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਾ ਚਾਹੁੰਦੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਉਨ੍ਹਾਂ ’ਤੇ ਦੋਸ਼ ਲਾ ਰਿਹਾ ਹੈ ਕਿ ਦਿੱਲੀ ਵਿੱਚ ਪਿਛਲੇ ਧਰਨੇ ਦੌਰਾਨ ਕਿਸਾਨ ਨਸ਼ਾ ਲੈ ਕੇ ਆਏ ਸਨ। ਇਸ ’ਤੇ ਉਨ੍ਹਾਂ ਕਿਹਾ ਕਿ ਗੁਜਰਾਤ ਬੰਦਰਗਾਹ ’ਤੇ ਨਸ਼ਿਆਂ ਦੀ ਵੱਡੀ ਖੇਪ ਫੜੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਮਹਾਪੰਚਾਇਤ ਖਾਪ ਦੇ ਐਲਾਨ ‘ਤੇ ਕਿਸਾਨ ਆਗੂ ਨੇ ਕਿਹਾ ਕਿ ਉਹ ਜਲਦੀ ਹੀ ਖਾਪ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਅੰਦੋਲਨ ਨੂੰ ਤੇਜ਼ ਕਰਨਗੇ।
