Home Up News ਭਾਜਪਾ ਵਿਧਾਇਕ ਅਰਚਨਾ ਪਾਂਡੇ ਦੇ ਰਿਸ਼ਤੇਦਾਰ ਅਨੁਜ ਕੁਮਾਰ ਚਤੁਰਵੇਦੀ ਦੀ ਗੋਲੀ ਮਾਰ...

ਭਾਜਪਾ ਵਿਧਾਇਕ ਅਰਚਨਾ ਪਾਂਡੇ ਦੇ ਰਿਸ਼ਤੇਦਾਰ ਅਨੁਜ ਕੁਮਾਰ ਚਤੁਰਵੇਦੀ ਦੀ ਗੋਲੀ ਮਾਰ ਕੇ ਹੱਤਿਆ

0

ਕਨੌਜ: ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ ਦੀਵਾਲੀ ਦੀ ਰਾਤ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਵਾਪਰੀ। ਇੱਥੇ ਭਾਜਪਾ ਵਿਧਾਇਕ ਅਰਚਨਾ ਪਾਂਡੇ ਦੇ ਰਿਸ਼ਤੇਦਾਰ ਅਨੁਜ ਕੁਮਾਰ ਚਤੁਰਵੇਦੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਛਿਬਰਾਮਊ ਕੋਤਵਾਲੀ ਥਾਣੇ ਦੇ ਨੇੜੇ ਵਾਪਰੀ। ਇਸ ਮਾਮਲੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਮੁਲ ਦੀਕਸ਼ਿਤ ‘ਤੇ ਕਤਲ ਕਰਨ ਦਾ ਦੋਸ਼ ਲੱਗਾ ਹੈ। ਘਟਨਾ ਤੋਂ ਬਾਅਦ ਉਹ ਫਰਾਰ ਦੱਸਿਆ ਜਾ ਰਿਹਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਮੁਲਜ਼ਮ ਦੀ ਭਾਲ ਅਤੇ ਘਟਨਾ ਦੀ ਜਾਂਚ ਲਈ ਪੰਜ ਵੱਖ-ਵੱਖ ਟੀਮਾਂ ਬਣਾਈਆਂ ਹਨ। ਪੁਲਿਸ ਵੱਲੋਂ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਮ੍ਰਿਤਕ ਦੇ ਭਰਾ ਧੀਰਜ ਚਤੁਰਵੇਦੀ ਨੇ ਦੋਸ਼ ਲਗਾਇਆ ਕਿ ਅਮੁਲ ਦੀਕਸ਼ਿਤ ਦੀ ਪਹਿਲਾਂ ਵੀ ਉਨ੍ਹਾਂ ਦੇ ਛੋਟੇ ਭਰਾ ਨਾਲ ਬਹਿਸ ਹੋਈ ਸੀ। ਇਸ ਦੌਰਾਨ ਕਥਿਤ ਤੌਰ ‘ਤੇ ਉਸ ਨੇ ਅਨੁਜ ਦੇ ਭਰਾ ਨੂੰ ਥੱਪੜ ਮਾਰਿਆ ਸੀ। ਇਸੇ ਮਾਮਲੇ ਬਾਰੇ ਪੁੱਛਣ ਲਈ ਜਦੋਂ ਅਨੁਜ ਅਮੁਲ ਦੀਕਸ਼ਿਤ ਕੋਲ ਪਹੁੰਚਿਆ ਤਾਂ ਉਸ ਨੇ ਪਿਸਤੌਲ ਕੱਢ ਕੇ ਚਾਰ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਗੰਭੀਰ ਜ਼ਖਮੀ ਹੋਏ ਅਨੁਜ ਕੁਮਾਰ ਚਤੁਰਵੇਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਪੇਸ਼ੇ ਤੋਂ ਵਕੀਲ ਸਨ।

ਮੁੱਢਲੀ ਜਾਣਕਾਰੀ ਮੁਤਾਬਕ, ਇਸ ਵਾਰਦਾਤ ਪਿੱਛੇ ਚੋਣ ਰੰਜਿਸ਼ ਜਾਂ ਜ਼ਮੀਨੀ ਵਿਵਾਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਭਾਜਪਾ ਵਿਧਾਇਕ ਅਰਚਨਾ ਪਾਂਡੇ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਅਤੇ ਵਧੀਕ ਪੁਲਿਸ ਸੁਪਰਡੈਂਟ ਸਮੇਤ ਭਾਰੀ ਪੁਲਿਸ ਫੋਰਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਕਤਲ ਦੇ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆ ਸਕੇਗੀ।

NO COMMENTS

LEAVE A REPLY

Please enter your comment!
Please enter your name here

Exit mobile version