ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਨੇ ਆਮ ਲੋਕਾਂ ਦੀ ਜੇਬ ‘ਤੇ ਇੱਕ ਹੋਰ ਮਾਰ ਮਾਰੀ ਹੈ। ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ ਨੇ ਘਿਓ ਅਤੇ ਮੱਖਣ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਦੇ ਇਸ ਫ਼ੈਸਲੇ ਨਾਲ ਤਿਉਹਾਰਾਂ ਲਈ ਮਠਿਆਈਆਂ, ਪਕਵਾਨਾਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਪਰਿਵਾਰਾਂ ਦੇ ਬਜਟ ‘ਤੇ ਅਸਰ ਪੈ ਸਕਦਾ ਹੈ। ਖਾਸ ਗੱਲ ਇਹ ਹੈ ਕਿ ਵਧਦੀਆਂ ਕੀਮਤਾਂ ਦੇ ਨਾਲ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਅਮੂਲ ਗਊ ਘਿਓ ਦੀ ਕਮੀ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।
ਅਮੂਲ ਘਿਓ ਅਤੇ ਮੱਖਣ ਦੀਆਂ ਨਵੀਆਂ ਕੀਮਤਾਂ
ਅਮੂਲ ਨੇ ਵੱਖ-ਵੱਖ ਪੈਕ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਨਵੀਂਆਂ ਦਰਾਂ ਮੁਤਾਬਕ 1 ਕਿਲੋ ਘਿਓ ਦਾ ਡੱਬਾ ਹੁਣ 680 ਰੁਪਏ ‘ਚ ਮਿਲੇਗਾ ਯਾਨੀ 50 ਰੁਪਏ ਦਾ ਸਿੱਧਾ ਵਾਧਾ ਜਦੋਂ ਕਿ ਪਹਿਲਾਂ ਇਸ ਦੀ ਕੀਮਤ 630 ਰੁਪਏ ਸੀ ।
ਇਸੇ ਤਰ੍ਹਾਂ 500 ਗ੍ਰਾਮ ਸ਼ੁੱਧ ਘਿਓ ਦੀ ਥੈਲੀ ਦੀ ਕੀਮਤ 325 ਰੁਪਏ ਤੋਂ ਵਧਾ ਕੇ 345 ਰੁਪਏ ਕਰ ਦਿੱਤੀ ਗਈ ਹੈ ਜਦਕਿ ਮੱਖਣ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। 100 ਗ੍ਰਾਮ ਮੱਖਣ ਹੁਣ 66 ਰੁਪਏ ‘ਚ ਮਿਲੇਗਾ, ਜਦਕਿ ਪਹਿਲਾਂ ਇਸ ਦੀ ਕੀਮਤ 63 ਰੁਪਏ ਸੀ।ਇਸ ਦੇ ਨਾਲ ਹੀ ਮੱਖਣ ਦੇ 500 ਗ੍ਰਾਮ ਪੈਕ ਦੀ ਕੀਮਤ 310 ਰੁਪਏ ਤੋਂ ਵਧ ਕੇ 325 ਰੁਪਏ ਹੋ ਗਈ ਹੈ।
ਕੀਮਤਾਂ ਕਿਉਂ ਵਧੀਆਂ?
ਕੀਮਤਾਂ ਵਧਣ ਦਾ ਮੁੱਖ ਕਾਰਨ ਬਾਜ਼ਾਰ ‘ਚ ਮੰਗ ਵਧਣਾ ਅਤੇ ਸਪਲਾਈ ‘ਤੇ ਦਬਾਅ ਦੱਸਿਆ ਜਾ ਰਿਹਾ ਹੈ। ਗੁਜਰਾਤ ਅਤੇ ਰਾਜਸਥਾਨ ‘ਚ ਮਿਲਾਵਟੀ ਘਿਓ ਖ਼ਿਲਾਫ਼ ਕਾਰਵਾਈ ਤੋਂ ਬਾਅਦ ਗਾਹਕਾਂ ਦਾ ਝੁਕਾਅ ਬ੍ਰਾਂਡੇਡ ਘਿਓ ਵੱਲ ਵਧਿਆ ਹੈ। ਰਿਪੋਰਟ ਮੁਤਾਬਕ ਪਿਛਲੇ ਛੇ ਮਹੀਨਿਆਂ ਵਿੱਚ ਕਰੀਬ 2 ਲੱਖ ਕਿਲੋ ਨਕਲੀ ਘਿਓ ਜ਼ਬਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਤਿਉਹਾਰਾਂ ਦੌਰਾਨ ਘਿਓ ਦੀ ਖਪਤ ਵੱਧ ਜਾਂਦੀ ਹੈ। ਅਜਿਹੇ ‘ਚ ਦੀਵਾਲੀ ਤੋਂ ਪਹਿਲਾਂ ਵਧਦੀ ਮੰਗ ਨੇ ਬਾਜ਼ਾਰ ‘ਚ ਉਪਲੱਬਧਤਾ ਨੂੰ ਪ੍ਰਭਾਵਿਤ ਕੀਤਾ ਹੈ।
ਗੁਜਰਾਤ ‘ਚ ਗਾਂ ਦੇ ਘਿਓ ਦੀ ਕਮੀ
ਅਹਿਮਦਾਬਾਦ ਅਤੇ ਵਡੋਦਰਾ ਦੇ ਕਈ ਇਲਾਕਿਆਂ ‘ਚ ਅਮੂਲ ਗਊ ਘਿਓ ਦੀ ਸਪਲਾਈ ਘੱਟ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਕੁਝ ਅਮੂਲ ਪਾਰਲਰ ਸੰਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋੜ ਤੋਂ ਘੱਟ ਘਿਓ ਮਿਲ ਰਿਹਾ ਹੈ। ਪਹਿਲਾਂ ਪੁਣੇ, ਕੋਲਕਾਤਾ ਅਤੇ ਜੰਮੂ-ਕਸ਼ਮੀਰ ਤੋਂ ਸਪਲਾਈ ਦੀ ਸਮੱਸਿਆ ਦੀਆਂ ਰਿਪੋਰਟਾਂ ਆਈਆਂ ਸਨ।
ਜੀ.ਐਸ.ਟੀ. ਵਿੱਚ ਕਟੌਤੀ ਦਾ ਲਾਭ ਵੀ ਘਟਿਆ
ਸਤੰਬਰ 2025 ‘ਚ ਡੇਅਰੀ ਉਤਪਾਦਾਂ ‘ਤੇ ਜੀ.ਐੱਸ.ਟੀ. 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਤੋਂ ਬਾਅਦ ਅਮੂਲ ਨੇ ਕਈ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ ਸਨ। ਹਾਲਾਂਕਿ ਹੁਣ ਘਿਓ-ਮੱਖਣ ਦੀਆਂ ਕੀਮਤਾਂ ਵਧਣ ਨਾਲ ਗਾਹਕਾਂ ਨੂੰ ਮਿਲੀ ਰਾਹਤ ਕਾਫੀ ਹੱਦ ਤੱਕ ਘੱਟ ਗਈ ਹੈ।
ਦੀਵਾਲੀ ਦੇ ਮੌਕੇ ‘ਤੇ ਘਿਓ ਅਤੇ ਮੱਖਣ ਦੀਆਂ ਕੀਮਤਾਂ ਵਧਣ ਨਾਲ ਘਰੇਲੂ ਬਜਟ ‘ਤੇ ਵਾਧੂ ਬੋਝ ਪੈ ਸਕਦਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਮਹਿੰਗੇ ਉਤਪਾਦਾਂ ਦੇ ਨਾਲ-ਨਾਲ ਸਪਲਾਈ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।






