Home Up News ਉੱਤਰ ਪ੍ਰਦੇਸ਼ ’ਚ ਅੱਜ ਸ਼ਾਮ 6 ਵਜੇ ਵੱਜਣਗੇ ਏਅਰ ਰੇਡ ਸਾਇਰਨ

ਉੱਤਰ ਪ੍ਰਦੇਸ਼ ’ਚ ਅੱਜ ਸ਼ਾਮ 6 ਵਜੇ ਵੱਜਣਗੇ ਏਅਰ ਰੇਡ ਸਾਇਰਨ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਅੱਜ ਸ਼ਾਮ ਨੂੰ 6 ਵਜੇ ਇੱਕ ਵੱਡੀ ਬਲੈਕਆਊਟ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਇਸ ਅਭਿਆਸ ਤਹਿਤ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਵਰਗੀ ਐਮਰਜੈਂਸੀ ਸਥਿਤੀ ਪੈਦਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵੱਜਣਗੇ ਅਤੇ ਕਈ ਇਲਾਕਿਆਂ ਵਿੱਚ ਕੁਝ ਸਮੇਂ ਲਈ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ।

ਮੌਕ ਡ੍ਰਿਲ ਦੌਰਾਨ ਸ਼ਾਮ ਠੀਕ ਲਗਭਗ 6 ਵਜੇ ਦੋ ਮਿੰਟ ਤੱਕ ਏਅਰ ਰੇਡ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਨਿਰਧਾਰਤ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਇਸ ਸਮੇਂ ਪ੍ਰਸ਼ਾਸਨ, ਪੁਲਿਸ ਅਤੇ ਐਮਰਜੈਂਸੀ ਨਾਲ ਜੁੜੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਰਹਿਣਗੀਆਂ।

ਲਖਨਊ ਪੁਲਿਸ ਲਾਈਨ ਵਿੱਚ ਹੋਵੇਗਾ ਮੁੱਖ ਅਭਿਆਸ

ਇਸ ਮੌਕ ਡ੍ਰਿਲ ਦਾ ਮੁੱਖ ਪ੍ਰੋਗਰਾਮ ਲਖਨਊ ਦੀ ਰਿਜ਼ਰਵ ਪੁਲਿਸ ਲਾਈਨ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਆਫ਼ਤ ਰਾਹਤ ਟੀਮਾਂ ਹਿੱਸਾ ਲੈਣਗੀਆਂ।

ਅਭਿਆਸ ਦੌਰਾਨ ਬਚਾਅ ਕਾਰਜ, ਅੱਗ ਬੁਝਾਉਣ, ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਦਾ ਮਕਸਦ ਐਮਰਜੈਂਸੀ ਦੀ ਸਥਿਤੀ ਵਿੱਚ ਵੱਖ-ਵੱਖ ਵਿਭਾਗਾਂ ਦੀ ਤਿਆਰੀ ਅਤੇ ਤਾਲਮੇਲ ਨੂੰ ਪਰਖਣਾ ਹੈ।

ਇੱਕ ਲੱਖ ਸਿਵਲ ਡਿਫੈਂਸ ਵਲੰਟੀਅਰ ਹੋਣਗੇ ਸ਼ਾਮਲ

ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਹੋਣ ਵਾਲੇ ਇਸ ਅਭਿਆਸ ਦੌਰਾਨ ਕਰੀਬ ਇੱਕ ਲੱਖ ਸਿਵਲ ਡਿਫੈਂਸ ਵਲੰਟੀਅਰਾਂ ਦੀ ਕਾਰਗੁਜ਼ਾਰੀ ਵੀ ਜਾਂਚੀ ਜਾਵੇਗੀ। ਸਾਇਰਨ ਵੱਜਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਅਭਿਆਸ ਵਿੱਚ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ, ਜ਼ਿਲ੍ਹਾ ਪ੍ਰਸ਼ਾਸਨ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਸਮੇਤ ਹੋਰ ਸਬੰਧਤ ਏਜੰਸੀਆਂ ਵੀ ਹਿੱਸਾ ਲੈਣਗੀਆਂ। ਅਭਿਆਸ ਪੂਰਾ ਹੋਣ ਤੋਂ ਬਾਅਦ ‘ਆਲ ਕਲੀਅਰ’ ਸਾਇਰਨ ਵਜਾ ਕੇ ਇਸ ਦੇ ਖ਼ਤਮ ਹੋਣ ਦਾ ਸੰਕੇਤ ਦਿੱਤਾ ਜਾਵੇਗਾ।

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕਰਵਾਈ ਜਾ ਰਹੀ ਮੌਕ ਡ੍ਰਿਲ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।

ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਦੌਰਾਨ ਘਰਾਂ, ਦੁਕਾਨਾਂ ਅਤੇ ਹੋਰ ਅਦਾਰਿਆਂ ਦੀਆਂ ਲਾਈਟਾਂ ਬੰਦ ਰੱਖਣ। ਇਸ ਦੇ ਨਾਲ ਹੀ ਇਨਵਰਟਰ ਅਤੇ ਹੋਰ ਰੌਸ਼ਨੀ ਦੇ ਸਾਧਨ ਵੀ ਬੰਦ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।

NO COMMENTS

LEAVE A REPLY

Please enter your comment!
Please enter your name here

Exit mobile version