ਲੁਧਿਆਣਾ : ਮਹਾਨਗਰ ਵਿੱਚ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਖ਼ਿਲਾਫ਼ NGT ਵਿੱਚ ਪਟੀਸ਼ਨ ਦਾਇਰ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਸੜਕਾਂ ਕੰਕਰੀਟ ਦੀਆਂ ਬਣਨ ਤੋਂ ਬਾਅਦ ਦੋ ਨਾਗਰਿਕਾਂ ਜਸਕੀਰਤ ਸਿੰਘ ਅਤੇ ਯੋਗੇਸ਼ ਮੈਣੀ ਵੱਲੋਂ ਐਨ.ਜੀ.ਟੀ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਬੀਤੇ ਸ਼ਨੀਵਾਰ ਨੂੰ NGT ਨੇ ਇਨ੍ਹਾਂ ਪਟੀਸ਼ਨਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਨਗਰ ਨਿਗਮ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਨੇ ਇੰਟਰਲਾਕਿੰਗ ਟਾਈਲਾਂ ਲਗਾਉਣ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਹੈ। ਨਿਯਮਾਂ ਦੇ ਉਲਟ ਉਨ੍ਹਾਂ ਨੇ ਪੋਰਸ ਟਾਈਲਾਂ ਦੀ ਥਾਂ ਠੋਸ ਇੰਟਰਲਾਕਿੰਗ ਕੰਕਰੀਟ ਦੀਆਂ ਟਾਈਲਾਂ ਲਗਾ ਦਿੱਤੀਆਂ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਦੋਵੇਂ ਪਟੀਸ਼ਨਰ ਵਾਤਾਵਰਨ ਪ੍ਰੇਮੀ ਹਨ।
ਦੱਸਿਆ ਜਾ ਰਿਹਾ ਹੈ ਕਿ ਨਿਯਮਾਂ ਮੁਤਾਬਕ 50 ਫੀਸਦੀ ਟਾਈਲਾਂ ਛੇਕ ਵਾਲੀਆਂ ਹੋਣੀਆਂ ਚਾਹੀਦੀਆਂ ਹਨ, ਜਦਕਿ ਅਜਿਹਾ ਨਹੀਂ ਕੀਤਾ ਗਿਆ। ਇਸ ਦੌਰਾਨ ਐੱਨ.ਜੀ.ਟੀ. ਨੇ ਦੋਹਾਂ ਵਿਭਾਗਾਂ ਨੂੰ ਇਕ ਹਫਤੇ ਦੇ ਅੰਦਰ-ਅੰਦਰ ਠੋਸ ਇੰਟਰਲਾਕਿੰਗ ਟਾਈਲਾਂ ਨੂੰ ਮੋਰੀਆਂ ਵਾਲੀਆਂ ਟਾਈਲਾਂ ਨਾਲ ਬਦਲ ਕੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਰਣਨਯੋਗ ਹੈ ਕਿ ਉਕਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਨਗਰ ਨਿਗਮ ਨੇ ਕਿਹਾ ਕਿ ਮੋਰੀਆਂ ਵਾਲੀਆਂ ਟਾਈਲਾਂ ਨਹੀਂ ਲਗਾਈਆਂ ਗਈਆਂ ਕਿਉਂਕਿ ਬਜ਼ੁਰਗ ਲੋਕ ਇਨ੍ਹਾਂ ‘ਤੇ ਪੈਦਲ ਚੱਲਦੇ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ। ਐਨ.ਜੀ.ਟੀ ਨੇ ਇਸ ਦਲੀਲ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਅਤੇ ਮੰਗ ਕੀਤੀ ਕਿ ਛੇਕ ਵਾਲੀਆਂ ਇੰਟਰਲਾਕਿੰਗ ਟਾਈਲਾਂ ਨੂੰ ਜਲਦੀ ਤੋਂ ਜਲਦੀ ਲਗਾਇਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਲੁਧਿਆਣਾ ‘ਚ ਪਿਛਲੇ 5 ਸਾਲਾਂ ਤੋਂ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਨੇ ਪੂਰੇ ਸ਼ਹਿਰ ਦੀਆਂ ਸੜਕਾਂ ਕੰਕਰੀਟ ਦੀਆਂ ਬਣਾ ਦਿੱਤੀਆਂ ਹਨ, ਜਿਸ ਕਾਰਨ ਬਰਸਾਤੀ ਪਾਣੀ ਜ਼ਮੀਨ ‘ਚ ਜਾਣ ਦੀ ਬਜਾਏ ਸੀਵਰੇਜ ‘ਚ ਜਾ ਕੇ ਬਰਬਾਦ ਹੋ ਰਿਹਾ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਟੀਸ਼ਨਰਾਂ ਨੇ ਕਿਹਾ ਕਿ ਸਾਲ 2021 ਵਿੱਚ ਵੀ ਐਨਜੀਟੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਨੇ ਇੰਟਰਲਾਕਿੰਗ ਕੰਕਰੀਟ ਦੀਆਂ ਟਾਈਲਾਂ ਲਾਉਣ ਦਾ ਕੰਮ ਜਾਰੀ ਰੱਖਿਆ। ਇਸ ਕਾਰਨ ਜਦੋਂ ਬਰਸਾਤ ਹੁੰਦੀ ਹੈ ਤਾਂ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਮਾਮਲੇ ਦੀ ਮੁੜ ਸੁਣਵਾਈ ਦੌਰਾਨ ਮਾਣਯੋਗ ਬੈਂਚ ਨੇ ਨਿਗਮ ਦੇ ਵਕੀਲ ਨੂੰ ਕਿਹਾ ਕਿ ਐਨ.ਜੀ.ਟੀ. ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਨਿਗਮ ਕਮਿਸ਼ਨਰ ਵਿਰੁੱਧ ਧਾਰਾ 26 ਤਹਿਤ ਕਾਰਵਾਈ ਕੀਤੀ ਜਾਵੇ ਹੁਕਮਾਂ ਦੀ ਪਾਲਣਾ ਕਰਕੇ ਜ਼ਮੀਨ ਬਚਾਉਣ ਲਈ ਟਾਈਲਾਂ ਲਗਾਉਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ।










