HomeUp Newsਯੋਗੀ ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, 1,594 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪੇ...

ਯੋਗੀ ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, 1,594 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ 1,594 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਵਿੱਚ 201 ਲੇਖਾ ਪ੍ਰੀਖਕ (ਆਡੀਟਰ) ਅਤੇ 1,393 ਸਹਾਇਕ ਲੇਖਾਕਾਰ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹਰ ਨੌਜਵਾਨ ਦੀ ਮਿਹਨਤ ਦਾ ਸਨਮਾਨ ਹੋਵੇ, ਉਸ ਦੀ ਪ੍ਰਤਿਭਾ ਨੂੰ ਮੌਕਾ ਮਿਲੇ ਅਤੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲੇ, ਇਹੀ ਡਬਲ ਇੰਜਣ ਸਰਕਾਰ ਦਾ ਸੰਕਲਪ ਹੈ।

‘ਸੈਫਈ ਸਿੰਡੀਕੇਟ ਨਿਯੁਕਤੀ ਪੱਤਰ ਨਹੀਂ ਗਿਣ ਸਕਦਾ’

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਯੋਗੀ ਨੇ ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੈਫਈ ਸਿੰਡੀਕੇਟ ਸਿਰਫ਼ ਨੋਟ ਗਿਣਣਾ ਚਾਹੁੰਦਾ ਹੈ, ਉਹ ਨਿਯੁਕਤੀ ਪੱਤਰ ਨਹੀਂ ਗਿਣ ਸਕਦਾ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਹੁਣ ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ। ਯੋਗੀ ਨੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਸਰਕਾਰੀ ਭਰਤੀਆਂ ਇਮਾਨਦਾਰੀ ਨਾਲ ਨਹੀਂ ਹੁੰਦੀਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸੂਬੇ ਦਾ ਬਜਟ 10 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਉੱਤਰ ਪ੍ਰਦੇਸ਼ ਹੁਣ ‘ਉਪਦਰਵ ਪ੍ਰਦੇਸ਼’ ਨਹੀਂ ਰਿਹਾ।

ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਨੋਇਡਾ ਸਮਾਜਵਾਦੀ ਪਾਰਟੀ ਲਈ ਲੁੱਟ-ਖਸੋਟ ਦਾ ਸਾਧਨ ਸੀ ਅਤੇ ਅਖਿਲੇਸ਼ ਯਾਦਵ ਖ਼ੁਦ ਨੋਇਡਾ ਜਾਣ ਤੋਂ ਡਰਦੇ ਸਨ।

ਭਰਤੀ ਪ੍ਰਕਿਰਿਆ ‘ਚ ਪਾਰਦਰਸ਼ਤਾ ਦਾ ਕੀਤਾ ਦਾਅਵਾ

ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵੀ ਆਪਣੀ ਗੱਲ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਸਾਲ 2017 ਤੋਂ ਪਹਿਲਾਂ ਸਰਕਾਰੀ ਭਰਤੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਕਾਰਨ ਨੌਜਵਾਨਾਂ ਦਾ ਭਰੋਸਾ ਪ੍ਰਭਾਵਿਤ ਹੋਇਆ ਸੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਡਬਲ ਇੰਜਣ ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਇਆ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਉਨ੍ਹਾਂ ਲਈ ਨਵੇਂ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ।

ਗੋਂਡਾ ‘ਚ 46,800 ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਟੈਬਲੇਟ

ਮੁੱਖ ਮੰਤਰੀ ਨੇ ਦੱਸਿਆ ਕਿ ਲਖਨਊ ਵਿੱਚ 1,594 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਗੋਂਡਾ ਵਿੱਚ ਵੀ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ‘ਸਵਾਮੀ ਵਿਵੇਕਾਨੰਦ ਯੁਵਾ ਸਸ਼ਕਤੀਕਰਨ ਯੋਜਨਾ’ ਤਹਿਤ ਗੋਂਡਾ, ਬਹਿਰਾਇਚ, ਬਲਰਾਮਪੁਰ ਅਤੇ ਸ਼ਰਾਵਸਤੀ ਜ਼ਿਲ੍ਹਿਆਂ ਦੇ 46,800 ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਟੈਬਲੇਟ ਦਿੱਤੇ ਜਾਣਗੇ। ਇਸ ਦਾ ਮਕਸਦ ਉਨ੍ਹਾਂ ਨੂੰ ਡਿਜੀਟਲ ਸਹੂਲਤਾਂ ਨਾਲ ਜੋੜਨਾ ਹੈ।

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗੋਰਖਪੁਰ ਵਿੱਚ ਇਸ ਯੋਜਨਾ ਦੇ ਦੂਜੇ ਪੜਾਅ ਤਹਿਤ ਦੇਵਰੀਆ, ਗੋਰਖਪੁਰ, ਕੁਸ਼ੀਨਗਰ ਅਤੇ ਮਹਾਰਾਜਗੰਜ ਦੇ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਟੈਬਲੇਟ ਵੰਡ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments