HomeRajasthanਕੈਨੇਡਾ ਤੋਂ ਰਾਜਸਥਾਨ ਤੱਕ ਪਿਆਰ ਦਾ ਸਫ਼ਰ, ਦੋ ਦਿਨਾਂ ‘ਚ ਟੁੱਟਿਆ ਰਿਸ਼ਤਾ

ਕੈਨੇਡਾ ਤੋਂ ਰਾਜਸਥਾਨ ਤੱਕ ਪਿਆਰ ਦਾ ਸਫ਼ਰ, ਦੋ ਦਿਨਾਂ ‘ਚ ਟੁੱਟਿਆ ਰਿਸ਼ਤਾ

ਰਾਜਸਥਾਨ: ਆਨਲਾਈਨ ਡੇਟਿੰਗ ਐਪ ਰਾਹੀਂ ਸ਼ੁਰੂ ਹੋਈ ਦੋਸਤੀ ਵਿਆਹ ਦੇ ਵਾਅਦੇ ਤੱਕ ਪਹੁੰਚ ਗਈ, ਪਰ ਜਦੋਂ ਦੋਵੇਂ ਆਹਮੋ-ਸਾਹਮਣੇ ਮਿਲੇ ਤਾਂ ਕਹਾਣੀ ਨੇ ਅਜਿਹਾ ਮੋੜ ਲੈ ਲਿਆ ਕਿ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ। ਕੈਨੇਡਾ ਦੀ ਰਹਿਣ ਵਾਲੀ 61 ਸਾਲਾ ਮਹਿਲਾ ਆਪਣੇ ਪਿਆਰ ਨਾਲ ਵਿਆਹ ਕਰਨ ਦੀ ਉਮੀਦ ਲੈ ਕੇ ਰਾਜਸਥਾਨ ਦੇ ਨੀਮਰਾਣਾ ਪਹੁੰਚੀ ਸੀ। ਪਰ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਨੌਜਵਾਨ ਨੇ ਮਹਿਲਾ ਦੀ ਉਮਰ ਦਾ ਹਵਾਲਾ ਦਿੰਦਿਆਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਫਿਲਹਾਲ ਪੁਲਿਸ ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੱਕ ਸਾਲ ਪਹਿਲਾਂ ਡੇਟਿੰਗ ਐਪ ‘ਤੇ ਹੋਈ ਸੀ ਮੁਲਾਕਾਤ

ਨੀਮਰਾਣਾ ਥਾਣੇ ਦੇ ਅਧਿਕਾਰੀ ਸੁਰੇਂਦਰ ਯਾਦਵ ਮੁਤਾਬਕ, ਕਰੀਬ ਇੱਕ ਸਾਲ ਪਹਿਲਾਂ ਹਰਿਆਣਾ ਦੇ ਪਾਣੀਪਤ ਵਾਸੀ ਨਿਤਿਨ ਦੀ ਮੁਲਾਕਾਤ ਇੱਕ ਡੇਟਿੰਗ ਐਪ ਰਾਹੀਂ ਕੈਨੇਡਾ ਰਹਿਣ ਵਾਲੀ ਮਹਿਲਾ ਨਾਲ ਹੋਈ ਸੀ। ਦੋਵਾਂ ਵਿਚਾਲੇ ਆਨਲਾਈਨ ਗੱਲਬਾਤ ਸ਼ੁਰੂ ਹੋਈ, ਜੋ ਹੌਲੀ-ਹੌਲੀ ਨੇੜਤਾ ਅਤੇ ਪਿਆਰ ਵਿੱਚ ਬਦਲ ਗਈ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਵਿਆਹ ਕਰਨ ਲਈ ਵੀ ਸਹਿਮਤੀ ਜਤਾਈ ਸੀ। ਇਸੇ ਉਮੀਦ ਨਾਲ ਮਹਿਲਾ 11 ਨਵੰਬਰ ਨੂੰ ਟੂਰਿਸਟ ਵੀਜ਼ੇ ‘ਤੇ ਦਿੱਲੀ ਪਹੁੰਚੀ। ਨੌਜਵਾਨ ਖੁਦ ਉਸ ਨੂੰ ਲੈਣ ਲਈ ਹਵਾਈ ਅੱਡੇ ‘ਤੇ ਗਿਆ ਅਤੇ ਉੱਥੋਂ ਨੀਮਰਾਣਾ ਸਥਿਤ ਆਪਣੇ ਮੌਸੇ-ਮਾਸੀ ਦੇ ਫਲੈਟ ‘ਤੇ ਲੈ ਆਇਆ।

ਮਹਿਲਾ ਦੀ ਉਮਰ ਪਤਾ ਲੱਗਣ ‘ਤੇ ਵਿਆਹ ਤੋਂ ਮੁੱਕਰਿਆ ਨੌਜਵਾਨ

ਜਾਣਕਾਰੀ ਦੇ ਅਨੁਸਾਰ ਮਹਿਲਾ ਦੋ ਦਿਨ ਤੱਕ ਨੌਜਵਾਨ ਨਾਲ ਸੋਸਾਇਟੀ ਵਿੱਚ ਰਹੀ। ਜਦੋਂ ਵਿਆਹ ਦੀ ਗੱਲ ਅੱਗੇ ਵਧੀ ਤਾਂ ਮਹਿਲਾ ਦੀ ਉਮਰ ਕਰੀਬ 61 ਸਾਲ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਨਿਤਿਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਵਿਆਹ ਦੀ ਆਸ ਲੈ ਕੇ ਕੈਨੇਡਾ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਈ ਮਹਿਲਾ ਲਈ ਇਹ ਫੈਸਲਾ ਵੱਡਾ ਝਟਕਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਅਤੇ ਤਕਰਾਰ ਸ਼ੁਰੂ ਹੋ ਗਈ।

ਕੈਨੇਡਾ ਦੂਤਾਵਾਸ ਤੱਕ ਪਹੁੰਚੀ ਸ਼ਿਕਾਇਤ

ਵਿਵਾਦ ਵਧਣ ਤੋਂ ਬਾਅਦ ਮਹਿਲਾ ਨੇ ਕੈਨੇਡਾ ਦੇ ਦੂਤਾਵਾਸ ਨਾਲ ਸੰਪਰਕ ਕਰਕੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਦੂਤਾਵਾਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਨੀਮਰਾਣਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ।

ਪੁਲਿਸ ਦੋਵਾਂ ਨੂੰ ਥਾਣੇ ਲੈ ਕੇ ਆਈ ਅਤੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਨਿਤਿਨ ਪਾਣੀਪਤ ਦਾ ਰਹਿਣ ਵਾਲਾ ਹੈ ਅਤੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਮਾਮਲਾ

ਆਨਲਾਈਨ ਡੇਟਿੰਗ, ਵਿਆਹ ਦਾ ਵਾਅਦਾ ਅਤੇ ਫਿਰ ਆਹਮੋ-ਸਾਹਮਣੇ ਮਿਲਣ ਤੋਂ ਬਾਅਦ ਇਨਕਾਰ ਕਰਨ ਦੀ ਇਸ ਘਟਨਾ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ। ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਬਣਦੇ ਰਿਸ਼ਤਿਆਂ ਅਤੇ ਉਨ੍ਹਾਂ ਦੀ ਅਸਲੀਅਤ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments