ਲੁਧਿਆਣਾ : ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਬਦਨਾਮ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਦਰਮਿਆਨ ਪਿੰਡ ਬੱਗੇ ਕਲਾਂ ਵਿਖੇ ਅੱਜ ਸਵੇਰੇ ਜ਼ਬਰਦਸਤ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਵਿੱਚ ਇੱਕ ਗੈਂਗ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਿਆ ਕਿਉਂਕਿ ਇੱਕ ਗੋਲੀ ਉਨ੍ਹਾਂ ਦੀ ਪੱਗ ਵਿੱਚੋਂ ਲੰਘ ਗਈ।
ਦੱਸਿਆ ਜਾ ਰਿਹਾ ਹੈ ਕਿ ਉਕਤ ਮੁਕਾਬਲਾ ਉਦੋਂ ਹੋਇਆ ਜਦੋਂ ਸੁਭਾਸ਼ ਨਗਰ ਇਲਾਕੇ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਦੇ ਸਬੰਧ ਵਿੱਚ ਇੱਕ ਪੁਲਿਸ ਟੀਮ ਦੋਸ਼ੀ ਦੇ ਘਰ ਪਹੁੰਚੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਨਾਜਾਇਜ਼ ਹਥਿਆਰ ਲੁਕਾਏ ਗਏ ਹਨ। ਤਲਾਸ਼ੀ ਦੌਰਾਨ ਮੁਲਜ਼ਮਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ।
ਦੋਸ਼ੀ ਦੀ ਪਛਾਣ ਸੁਮਿਤ ਵਜੋਂ ਹੋਈ ਹੈ, ਜਿਸ ਕੋਲੋਂ ਇੱਕ ਗੈਰ-ਕਾਨੂੰਨੀ ਹਥਿਆਰ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਖਮੀ ਸੁਮਿਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੁਮਿਤ ਦੇ ਹੋਰ ਸਾਥੀਆਂ ਨੂੰ ਪਹਿਲਾਂ ਹੀ ਐਫ.ਆਈ.ਆਰ ਨੰਬਰ 62/25 ਪੀ.ਐਸ ਟਿੱਬਾ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਗਿਰੋਹ ‘ਤੇ ਪਹਿਲਾਂ ਹੀ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਲੁਧਿਆਣਾ ਪੁਲਿਸ ਨੇ ਇਸਨੂੰ ਇੱਕ ਵੱਡੀ ਸਫਲਤਾ ਦੱਸਿਆ ਹੈ ਅਤੇ ਕਿਹਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਵੀ ਪਛਾਣ ਕਰ ਲਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।