ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਮਾਮਲਾ ਅੱਠ ਸਾਲ ਪੁਰਾਣੇ ਅਪਰਾਧਿਕ ਮਾਣਹਾਨੀ ਕੇਸ ਨਾਲ ਸਬੰਧਤ ਹੈ, ਜਿਸ ਨੂੰ ਵਿਕਾਸ ਸਾਂਕ੍ਰਿਤਿਆਯਨ (ਉਰਫ਼ ਵਿਕਾਸ ਪਾਂਡੇ) ਨੇ “BJP IT Cell Part 2″ ਸਿਰਲੇਖ ਵਾਲੀ ਇੱਕ ਵੀਡੀਓ ਨੂੰ ਲੈ ਕੇ ਦਾਇਰ ਕੀਤਾ ਸੀ।
ਸਾਕੇਤ ਕੋਰਟ ਨੇ ਇਹ ਵਾਰੰਟ ਉਸ ਸਮੇਂ ਜਾਰੀ ਕੀਤਾ ਜਦੋਂ ਰਾਠੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਨੇ ਇਸ ਗੱਲ ‘ਤੇ ਵੀ ਧਿਆਨ ਦਿੱਤਾ ਕਿ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਵਿੱਚ ਵਾਰ-ਵਾਰ ਮੁਸ਼ਕਲਾਂ ਆ ਰਹੀਆਂ ਸਨ।
ਹੁਣ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਇਹ ਨਵਾਂ ਹੁਕਮ ਉਸ ਸਮੇਂ ਆਇਆ ਹੈ, ਜਦੋਂ ਅਦਾਲਤ ਨੇ 31 ਅਕਤੂਬਰ ਨੂੰ ਰਾਠੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਇਸ ਨੂੰ ਉਨ੍ਹਾਂ ਦੇ ਗੁਰੂਗ੍ਰਾਮ ਵਾਲੇ ਪਤੇ ‘ਤੇ ਤਾਮੀਲ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਇਸ ਵਾਰੰਟ ਦੀ ਤਾਮੀਲ ਨਹੀਂ ਹੋ ਸਕੀ।
ਪਹਿਲਾਂ ਵੀ ਜਾਰੀ ਹੋ ਚੁੱਕੇ ਹਨ ਵਾਰੰਟ
ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਵੀ ਅਦਾਲਤ ਨੇ ਯੂਟਿਊਬਰ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਅਜਿਹਾ ਉਸ ਸਮੇਂ ਕੀਤਾ ਗਿਆ ਸੀ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਨਵਾਂ ਸੰਮਨ ਨਹੀਂ ਪਹੁੰਚਾਇਆ ਜਾ ਸਕਿਆ, ਕਿਉਂਕਿ ਉਨ੍ਹਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ।
17 ਅਕਤੂਬਰ ਵਾਲੇ ਵਾਰੰਟ ਦੀ ਵੀ ਤਾਮੀਲ ਨਹੀਂ ਹੋ ਸਕੀ, ਕਿਉਂਕਿ ਅਦਾਲਤ ਨੂੰ ਜਾਣਕਾਰੀ ਮਿਲੀ ਕਿ ਇਹ ਵਾਰੰਟ ਆਸਟਰੀਆ ਦੇ ਇੱਕ ਗਲਤ ਪਤੇ ‘ਤੇ ਭੇਜ ਦਿੱਤਾ ਗਿਆ ਸੀ।
ਇਹ ਮਾਮਲਾ “BJP IT Cell Part 2″ ਸਿਰਲੇਖ ਵਾਲੀ ਇੱਕ ਵੀਡੀਓ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਵਿਕਾਸ ਪਾਂਡੇ ਦੀ ਮਾਣਹਾਨੀ ਕੀਤੀ ਗਈ ਸੀ। ਇਸ ਵੀਡੀਓ ਨੂੰ 2018 ਵਿੱਚ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਰੀਟਵੀਟ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਸਾਹਮਣੇ ਮੰਨਿਆ ਸੀ ਕਿ ਇਸ ਨੂੰ ਸਾਂਝਾ ਕਰਕੇ ਉਨ੍ਹਾਂ ਤੋਂ ਗਲਤੀ ਹੋਈ ਸੀ।
ਸੋਸ਼ਲ ਮੀਡੀਆ ਪੇਜ ‘I Support Narendra Modi’ ਦੇ ਸੰਸਥਾਪਕ ਵਿਕਾਸ ਪਾਂਡੇ ਨੇ ਦੋਸ਼ ਲਗਾਇਆ ਸੀ ਕਿ ਇਸ ਵੀਡੀਓ ਅਤੇ ਉਸ ਤੋਂ ਬਾਅਦ ਕੀਤੇ ਗਏ ਰੀਟਵੀਟ ਕਾਰਨ ਉਨ੍ਹਾਂ ਦੀ ਛਵੀ ਖ਼ਰਾਬ ਹੋਈ ਹੈ।
ਭਾਰਤ ਤੋਂ ਬਾਹਰ ਰਹਿਣ ਕਾਰਨ ਕੇਸ ਵਿੱਚ ਹੋਈ ਦੇਰੀ
2019 ਤੋਂ ਹੀ ਰਾਠੀ ਨੂੰ ਸੰਮਨ ਭੇਜਣ ਵਿੱਚ ਲਗਾਤਾਰ ਆ ਰਹੀਆਂ ਮੁਸ਼ਕਲਾਂ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਲੰਬਿਤ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਰਾਠੀ ਦੇ ਲਗਾਤਾਰ ਭਾਰਤ ਤੋਂ ਬਾਹਰ ਰਹਿਣ ਕਾਰਨ ਕੇਸ ਵਿੱਚ ਦੇਰੀ ਹੋਈ ਹੈ। ਰਾਠੀ ਆਸਟਰੀਆ ਵਿੱਚ ਰਹਿੰਦੇ ਹਨ।
ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਕਿਉਂਕਿ ਕੇਜਰੀਵਾਲ ਨੇ ਰੀਟਵੀਟ ਨਾਲ ਜੁੜੀ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ।
ਫਰਵਰੀ 2024 ਵਿੱਚ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਵੀਡੀਓ ਨੂੰ ਰੀਟਵੀਟ ਕਰਕੇ ਉਨ੍ਹਾਂ ਤੋਂ ਗਲਤੀ ਹੋਈ ਸੀ।
ਜਸਟਿਸ ਸੰਜੀਵ ਖੰਨਾ (ਜੋ ਬਾਅਦ ਵਿੱਚ ਚੀਫ਼ ਜਸਟਿਸ ਆਫ਼ ਇੰਡੀਆ (CJI) ਬਣੇ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ) ਅਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕੇਜਰੀਵਾਲ ਖ਼ਿਲਾਫ਼ ਹੇਠਲੀ ਅਦਾਲਤ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ।
ਇਹ ਰੋਕ ਕੇਜਰੀਵਾਲ ਦੀ ਉਸ ਪਟੀਸ਼ਨ ‘ਤੇ ਸੁਣਵਾਈ ਦੌਰਾਨ ਲਗਾਈ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਜਾਰੀ ਸੰਮਨ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸੰਮਨ ਜਾਰੀ ਕਰਨ ਦੇ ਹੁਕਮ ਨੂੰ ਬਰਕਰਾਰ ਰੱਖਿਆ ਸੀ। ਅਦਾਲਤ ਨੇ ਕਿਹਾ ਸੀ ਕਿ ਕਥਿਤ ਤੌਰ ‘ਤੇ ਮਾਣਹਾਨੀ ਕਰਨ ਵਾਲੀ ਸਮੱਗਰੀ ਨੂੰ ਰੀਟਵੀਟ ਕਰਨ ‘ਤੇ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 499 ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ।
