ਸਰੀ ਪੁਲਿਸ ਸਰਵਿਸ (SPS) ਕਲੋਵਰਡੇਲ ਵਿੱਚ ਵੀਰਵਾਰ ਦੁਪਹਿਰ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇੱਕ ਕਾਰੋਬਾਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਮੁਤਾਬਕ, ਇਹ ਘਟਨਾ ਦੁਪਹਿਰ ਲਗਭਗ 2:24 ਵਜੇ 58 ਐਵੇਨਿਊ ਅਤੇ 176 ਸਟਰੀਟ ਨੇੜੇ ਵਾਪਰੀ। ਮੌਕੇ ‘ਤੇ ਪਹੁੰਚਣ ‘ਤੇ ਪੁਲਿਸ ਨੂੰ ਪਤਾ ਲੱਗਿਆ ਕਿ ਘੱਟੋ-ਘੱਟ ਇੱਕ ਕਾਰੋਬਾਰ ਨੂੰ ਗੋਲੀਆਂ ਨਾਲ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਬਾਅਦ ਵਿੱਚ, 2:47 ਵਜੇ ਦੇ ਕਰੀਬ ਪੁਲਿਸ ਨੂੰ 20 ਐਵੇਨਿਊ ਅਤੇ 174 ਸਟਰੀਟ ਨੇੜੇ ਇੱਕ ਵਾਹਨ ਵਿੱਚ ਅੱਗ ਲੱਗਣ ਦੀ ਸੂਚਨਾ ਵੀ ਮਿਲੀ। ਜਾਂਚਕਰਤਾਵਾਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ।
ਘਟਨਾ ਤੋਂ ਬਾਅਦ 58 ਐਵੇਨਿਊ ਅਤੇ 175 ਸਟਰੀਟ ਦਾ ਇਲਾਕਾ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ, ਜਦੋਂਕਿ ਪੁਲਿਸ ਵੱਲੋਂ ਸਥਾਨ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਸਰੀ ਪੁਲਿਸ ਨੇ ਦੱਸਿਆ ਹੈ ਕਿ ਜਾਂਚ ਸ਼ੁਰੂਆਤੀ ਪੜਾਅ ‘ਚ ਹੈ ਅਤੇ ਹਾਲੇ ਤੱਕ ਮਕਸਦ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ ਇਹ ਘਟਨਾ extortion ਨਾਲ ਸੰਬੰਧਿਤ ਨਹੀਂ ਮੰਨੀ ਜਾ ਰਹੀ।
ਮਾਮਲੇ ਦੀ ਜਾਂਚ ਹੁਣ SPS ਦੀ Major Crime Section (MCS) ਵੱਲੋਂ ਕੀਤੀ ਜਾ ਰਹੀ ਹੈ, ਜਦੋਂਕਿ Integrated Forensic Identification Services (IFIS) ਵੱਲੋਂ ਮੌਕੇ ‘ਤੇ ਫੋਰੈਂਸਿਕ ਸਬੂਤ ਅਤੇ ਡਿਜ਼ਿਟਲ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ CCTV ਜਾਂ ਡੈਸ਼ਕੈਮ ਫੁਟੇਜ ਹੋਵੇ ਜਾਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ SPS ਦੀ non-emergency ਲਾਈਨ 604-599-0502 ‘ਤੇ ਫਾਈਲ ਨੰਬਰ 26-50217 (SP) ਦਾ ਹਵਾਲਾ ਦੇ ਕੇ ਸੰਪਰਕ ਕਰਨ।







