ਵੈਨਕੂਵਰ/ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ) ਕੌਮਾਂਤਰੀ ਯੋਗ ਦਿਵਸ ਦੇ ਮੌਕੇ ਕੈਨੇਡਾ ਦੇ ਮਹਾਂਨਗਰ ਵੈਨਕੂਵਰ ਦੇ ਡੇਵਿਡ ਲੈਮ ਪਾਰਕ ਵਿੱਚ ਵਿਸ਼ੇਸ਼ ਯੋਗਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਯੋਗਾ ਮਾਹਿਰਾਂ ਦੀ ਅਗਵਾਈ ਹੇਠ ਭਾਗੀਦਾਰਾਂ ਨੇ ਵੱਖ-ਵੱਖ ਆਸਨਾਂ ਅਤੇ ਪ੍ਰਾਣਾਯਾਮ ਦੀਆਂ ਵਿਧੀਆਂ ਅਨੁਸਾਰ ਯੋਗ ਅਭਿਆਸ ਕੀਤੇ। ਸਮਾਗਮ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਬੱਚੀ ਨਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਮੂਹਿਕ ਯੋਗ ਸੈਸ਼ਨ ਵਿੱਚ ਹਿੱਸਾ ਲਿਆ।
ਇਸ ਮੌਕੇ ਉਨ੍ਹਾਂ ਨੇ ਸਿਹਤਮੰਦਜੀਵਨ ਸ਼ੈਲੀ ਲਈ ਯੋਗਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਭਾਰਤ ਦੇ ਕੌਂਸਲ ਜਨਰਲ ਮਾਸਾਕੋਈ ਰੰਗਸੁੰਗ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ। ਸੰਖੇਪ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਯੋਗਾ ਭਾਰਤ ਦੀ ਪ੍ਰਾਚੀਨ ਅਤੇ ਅਮੂਲ ਵਿਰਾਸਤ ਹੈ, ਜੋ ਅੱਜ ਪੂਰੀ ਦੁਨੀਆ ਵੱਲੋਂ ਅਪਣਾਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਭਾਗੀਦਾਰੀ ਰਹੀ। ਪੰਜਾਬੀ ਮੂਲ ਦੀਆਂ ਕਈ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵੀ ਇਸ ਮੌਕੇ ਮੌਜੂਦ ਰਹੀਆਂ।ਅੰਤਰਰਾਸ਼ਟਰੀ ਯੋਗ ਦਿਵਸ ਦਾ ਇਹ ਸਮਾਗਮ ਇੱਕ ਵਾਰ ਫਿਰ ਇਹ ਦਰਸਾਉਂਦਾ ਹੈ ਕਿ ਯੋਗਾ ਹੁਣ ਸਿਰਫ਼ ਭਾਰਤ ਤੱਕ ਸੀਮਿਤ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਲੋਕਾਂ ਦੀ ਰੋਜ਼ਾਨਾ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ।







