Home Canada ਸਰੀ ਵਿਖੇ ‘ਤੀਆਂ ਦੀਆਂ ਰੌਣਕਾਂ’ ਮੇਲੇ ਨੇ ਵਿਦੇਸ਼ਾਂ ਵਿੱਚ ਸਿਰਜਿਆ ਮਿੰਨੀ ਪੰਜਾਬ,...

ਸਰੀ ਵਿਖੇ ‘ਤੀਆਂ ਦੀਆਂ ਰੌਣਕਾਂ’ ਮੇਲੇ ਨੇ ਵਿਦੇਸ਼ਾਂ ਵਿੱਚ ਸਿਰਜਿਆ ਮਿੰਨੀ ਪੰਜਾਬ, ਗਿੱਧੇ-ਬੋਲੀਆਂ ਅਤੇ ਪੰਜਾਬੀ ਵਿਰਸੇ ਨੇ ਮੋਹਿਆ ਮਨ।

0

ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ): ਪੰਜਾਬ ਦੇ ਅਮੀਰ ਸੱਭਿਆਚਾਰ, ਲੋਕ-ਰਿਵਾਜਾਂ ਅਤੇ ਅਨਮੋਲ ਵਿਰਸੇ ਨੂੰ ਵਿਦੇਸ਼ਾਂ ਦੀ ਧਰਤੀ ‘ਤੇ ਪ੍ਰਫੁੱਲਤ ਰੱਖਣ ਦੇ ਉਦੇਸ਼ ਨਾਲ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਸਥਿਤ ਰਾਇਲ ਕਿੰਗ ਪੈਲਸ ਵਿਖੇ ‘ਤੀਆਂ ਦੀਆਂ ਰੌਣਕਾਂ’ ਨਾਮ ਹੇਠ ਵਿਸ਼ਾਲ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ‘ਗਹਿਣਾ ਗੱਟਾ’ ਬਾਏ ਰਾਜ ਪੁਰੇਵਾਲ ਅਤੇ ‘ਸੀਰਤ ਜਿਊਲਰੀ’ ਦੀ ਕਿਰਨ ਬਰਾੜ ਵੱਲੋਂ ਕਰਵਾਏ ਗਏ ਇਸ ਮੇਲੇ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਦਿਨ ਲਈ ਆਪਣੇ ਪਿੰਡਾਂ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਮੁੜ ਜੋੜ ਦਿੱਤਾ।

ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਵਿੱਚ ਲੋਅਰ ਮੇਨਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਖ਼ਾਸ ਤੌਰ ‘ਤੇ ਹਰ ਉਮਰ ਵਰਗ ਦੀਆਂ ਬੀਬੀਆਂ ਅਤੇ ਮੁਟਿਆਰਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾ ਦਿੱਤੇ। ਫੁਲਕਾਰੀਆਂ, ਪਰਾਂਦੇ, ਵੰਗਾਂ, ਝਾਂਜਰਾਂ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਮੁਟਿਆਰਾਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਪੰਜਾਬ ਦੀਆਂ ਤੀਆਂ ਦੀਆਂ ਰੌਣਕਾਂ ਵਿਦੇਸ਼ਾਂ ਵਿੱਚ ਹੀ ਉਤਰ ਆਈਆਂ ਹੋਣ।

ਸਮਾਗਮ ਦੌਰਾਨ ਪ੍ਰਸਿੱਧ ਅਨਮੋਲ ਰਤਨ ਭੰਗੜਾ ਗਰੁੱਪ ਦੀ ਟੀਮ ਨੇ ਆਪਣੇ ਸ਼ਾਨਦਾਰ ਭੰਗੜੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਹੋਰ ਕਈ ਗਾਇਕਾਂ, ਲੋਕ ਕਲਾਕਾਰਾਂ ਅਤੇ ਸੱਭਿਆਚਾਰਕ ਟੀਮਾਂ ਨੇ ਗੀਤ-ਸੰਗੀਤ, ਲੋਕ-ਨਾਚ ਅਤੇ ਮਨਮੋਹਕ ਪੇਸ਼ਕਾਰੀਆਂ ਰਾਹੀਂ ਪੂਰੇ ਦਿਨ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ।

ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਸਟੇਜ ਦੇ ਸਾਹਮਣੇ ਸੈਂਕੜੇ ਬੀਬੀਆਂ ਅਤੇ ਮੁਟਿਆਰਾਂ ਵੱਲੋਂ ਘੰਟਿਆਂ ਤੱਕ ਲਗਾਤਾਰ ਪਾਇਆ ਗਿਆ ਸਮੂਹਿਕ ਗਿੱਧਾ ਰਿਹਾ। ਪੰਜਾਬੀ ਵਿਰਸੇ ਨਾਲ ਜੁੜੀਆਂ ਪੁਰਾਣੀਆਂ ਅਤੇ ਨਵੀਆਂ ਬੋਲੀਆਂ ਦੀ ਗੂੰਜ, ਢੋਲ ਦੀਆਂ ਧੁਨਾਂ ਅਤੇ ਤਾੜੀਆਂ ਦੀ ਥਾਪ ਨੇ ਅਜਿਹਾ ਰੰਗ ਬੰਨ੍ਹਿਆ ਕਿ ਰਾਇਲ ਕਿੰਗ ਪੈਲਸ ਦਾ ਮਾਹੌਲ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਾਉਣ-ਭਾਦੋਂ ਦੌਰਾਨ ਲੱਗਣ ਵਾਲੀਆਂ ਤ੍ਰਿੰਝਣਾਂ ਅਤੇ ਵਿਆਹਾਂ ਦੀਆਂ ਰੌਣਕਾਂ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ। ਹਾਜ਼ਰ ਦਰਸ਼ਕ ਵੀ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਝੂਮਦੇ ਅਤੇ ਤਾੜੀਆਂ ਨਾਲ ਕਲਾਕਾਰਾਂ ਦਾ ਹੌਸਲਾ ਵਧਾਉਂਦੇ ਰਹੇ।

ਮੇਲੇ ਵਿੱਚ ਪੰਜਾਬੀ ਵਿਰਸੇ ਅਤੇ ਮਹਿਲਾਵਾਂ ਦੀ ਖਰੀਦਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਲਗਭਗ ਦੋ ਦਰਜਨ ਤੋਂ ਵੱਧ ਵੈਂਡਰ ਸਟਾਲ ਵੀ ਲਗਾਏ ਗਏ ਸਨ। ਇਨ੍ਹਾਂ ਸਟਾਲਾਂ ‘ਤੇ ਪੰਜਾਬੀ ਸੂਟ, ਡਿਜ਼ਾਈਨਰ ਲਹਿੰਗੇ, ਰਵਾਇਤੀ ਜੁੱਤੀਆਂ, ਫੁਲਕਾਰੀਆਂ, ਵੰਗਾਂ, ਗਾਨੀਆਂ, ਝਾਂਜਰਾਂ, ਆਰਟੀਫਿਸ਼ਲ ਗਹਿਣੇ, ਪਰਾਂਦੇ, ਹੈਂਡਮੇਡ ਸਜਾਵਟੀ ਸਮਾਨ ਅਤੇ ਘਰੇਲੂ ਵਰਤੋਂ ਦੀਆਂ ਅਨੇਕਾਂ ਵਸਤਾਂ ਉਪਲਬਧ ਸਨ। ਮੇਲੇ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਇਨ੍ਹਾਂ ਸਟਾਲਾਂ ਤੋਂ ਖੂਬ ਖਰੀਦਦਾਰੀ ਕੀਤੀ ਅਤੇ ਸਥਾਨਕ ਪੰਜਾਬੀ ਕਾਰੋਬਾਰੀਆਂ ਨੂੰ ਵੀ ਭਰਪੂਰ ਹੁੰਗਾਰਾ ਦਿੱਤਾ।

ਪੰਜਾਬ ਦੇ ਪੇਂਡੂ ਜੀਵਨ ਅਤੇ ਲੋਕ ਵਿਰਸੇ ਨੂੰ ਦਰਸਾਉਣ ਲਈ ਇੱਕ ਵਿਸ਼ੇਸ਼ ਵਿਰਾਸਤੀ ਪ੍ਰਦਰਸ਼ਨੀ ਵੀ ਸਜਾਈ ਗਈ ਸੀ। ਇਸ ਵਿੱਚ ਪੁਰਾਣੇ ਸਮਿਆਂ ਦੀਆਂ ਸੁਆਣੀਆਂ ਵੱਲੋਂ ਵਰਤੇ ਜਾਂਦੇ ਚਰਖੇ, ਸੰਦੂਕੜੀਆਂ, ਮੰਜੀਆਂ, ਪੀੜੀਆਂ, ਮਧਾਣੀਆਂ, ਛੱਜ, ਟੋਕਰੀਆਂ, ਹੁੱਕੇ ਅਤੇ ਹੋਰ ਪੇਂਡੂ ਜੀਵਨ ਨਾਲ ਸਬੰਧਤ ਵਿਰਾਸਤੀ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਪ੍ਰਦਰਸ਼ਨੀ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਇਤਿਹਾਸ ਨਾਲ ਰੂਬਰੂ ਕਰਵਾਇਆ, ਜਦਕਿ ਬਜ਼ੁਰਗਾਂ ਲਈ ਇਹ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਸਾਧਨ ਬਣੀ।

ਇਸ ਮੌਕੇ ਆਯੋਜਕ ਰਾਜ ਪੁਰੇਵਾਲ ਅਤੇ ਕਿਰਨ ਬਰਾੜ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ‘ਤੀਆਂ ਦੀਆਂ ਰੌਣਕਾਂ’ ਵਰਗੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਅਤੇ ਭਾਈਚਾਰੇ ਵਿੱਚ ਆਪਸੀ ਪਿਆਰ, ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ।

ਮੇਲੇ ਦੌਰਾਨ ਲੱਕੀ ਡਰਾਅ, ਮਨੋਰੰਜਕ ਮੁਕਾਬਲੇ ਅਤੇ ਕਈ ਹੋਰ ਆਕਰਸ਼ਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਸਪਾਂਸਰਾਂ, ਵੈਂਡਰਾਂ, ਕਲਾਕਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

ਪੂਰੇ ਦਿਨ ਚੱਲੇ ਇਸ ਸੱਭਿਆਚਾਰਕ ਮੇਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਵੇਂ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ, ਪਰ ਆਪਣੇ ਸੱਭਿਆਚਾਰ, ਲੋਕ-ਵਿਰਸੇ ਅਤੇ ਰਿਵਾਇਤਾਂ ਨਾਲ ਉਨ੍ਹਾਂ ਦਾ ਪਿਆਰ ਅੱਜ ਵੀ ਪਹਿਲਾਂ ਵਾਂਗ ਹੀ ਅਟੁੱਟ ਹੈ।

NO COMMENTS

LEAVE A REPLY

Please enter your comment!
Please enter your name here

Exit mobile version