Home Canada ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸਮਾਗਮਾਂ ਦੀ ਲੜੀ ਜੁਲਾਈ...

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸਮਾਗਮਾਂ ਦੀ ਲੜੀ ਜੁਲਾਈ ਤੋਂ ਸ਼ੁਰੂ

0

ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ): ਸਰੀ ਸ਼ਹਿਰ ਵਿੱਚ ਗਰਮੀਆਂ ਦੇ ਮੌਸਮ ਨੂੰ ਹੋਰ ਰੌਣਕਮਈ ਬਣਾਉਣ ਲਈ ਸਿਟੀ ਆਫ਼ ਸਰੀ ਵੱਲੋਂ ਹਰ ਸਾਲ ਕਰਵਾਈ ਜਾਣ ਵਾਲੀ ਪ੍ਰਸਿੱਧ ‘ਸਾਊਂਡਜ਼ ਆਫ਼ ਸਮਰ’ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਸਾਲ ਵੀ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਪਾਰਕਾਂ ਅਤੇ ਜਨਤਕ ਥਾਵਾਂ ‘ਤੇ ਅੱਠ ਮੁਫ਼ਤ ਸੰਗੀਤਕ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹਰ ਉਮਰ ਦੇ ਲੋਕ ਸੰਗੀਤ ਅਤੇ ਮਨੋਰੰਜਨ ਦਾ ਆਨੰਦ ਮਾਣ ਸਕਣਗੇ।

ਇਸ ਸਾਲ ਦੀ ਸੰਗੀਤਕ ਲੜੀ ਵਿੱਚ ਰੌਕ, ਜੈਜ਼, ਕੰਟਰੀ, ਪੰਜਾਬੀ ਫਿਊਜ਼ਨ, ਲੋਕ ਸੰਗੀਤ ਅਤੇ ਲਾਤੀਨੀ ਧੁਨਾਂ ਸਮੇਤ ਕਈ ਪ੍ਰਕਾਰ ਦੇ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਰਸ਼ਕਾਂ ਦੀ ਸ਼ਮੂਲੀਅਤ ਨੂੰ ਹੋਰ ਰੁਚਿਕਰ ਬਣਾਉਣ ਲਈ ਕਲਾਕਾਰਾਂ ਦੀ ਅਗਵਾਈ ਹੇਠ ਇੰਟਰਐਕਟਿਵ ਡਾਂਸ ਸੈਸ਼ਨ ਵੀ ਕਰਵਾਏ ਜਾਣਗੇ। ਇਨ੍ਹਾਂ ਵਿੱਚ 29 ਜੁਲਾਈ ਨੂੰ ਲਾਈਨ ਡਾਂਸਿੰਗ, 19 ਅਗਸਤ ਨੂੰ ਪੰਜਾਬੀ ਲੋਕ ਨਾਚ ਦੀ ਵਰਕਸ਼ਾਪ ਅਤੇ 26 ਅਗਸਤ ਨੂੰ ਸਾਲਸਾ ਡਾਂਸ ਸਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ‘ਸਾਊਂਡਜ਼ ਆਫ਼ ਸਮਰ’ ਸੰਗੀਤ ਲੜੀ ਹਰ ਸਾਲ ਸ਼ਹਿਰ ਵਾਸੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਟਾਊਨ ਸੈਂਟਰਾਂ ਅਤੇ ਪਾਰਕਾਂ ਵਿੱਚ ਮੁਫ਼ਤ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਲੋਕਾਂ ਨੂੰ ਸਥਾਨਕ ਕਲਾਕਾਰਾਂ ਨਾਲ ਜੋੜਨਾ ਅਤੇ ਪਰਿਵਾਰਾਂ ਨੂੰ ਗਰਮੀਆਂ ਦੌਰਾਨ ਸੁਰੱਖਿਅਤ, ਸਸਤੇ ਅਤੇ ਮਨੋਰੰਜਕ ਪ੍ਰੋਗਰਾਮ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸ਼ਹਿਰ ਵਿੱਚ ਸਰਗਰਮ, ਸਿਹਤਮੰਦ ਅਤੇ ਆਪਸੀ ਸਾਂਝ ਵਾਲੇ ਭਾਈਚਾਰੇ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਸਾਰੇ ਸੰਗੀਤਕ ਸਮਾਗਮ ਹਰ ਬੁੱਧਵਾਰ ਸ਼ਾਮ 6:30 ਵਜੇ ਤੋਂ 8:00 ਵਜੇ ਤੱਕ ਆਯੋਜਿਤ ਕੀਤੇ ਜਾਣਗੇ।

ਸਮਾਗਮਾਂ ਦੀ ਸ਼ੁਰੂਆਤ 8 ਜੁਲਾਈ ਨੂੰ ਦ ਗਲੇਡਜ਼ ਵੁੱਡਲੈਂਡ ਗਾਰਡਨ ਵਿਖੇ ਵੁੱਡਲੈਂਡ ਜੈਜ਼ ਆਰਕੈਸਟਰਾ ਦੀ ਪੇਸ਼ਕਾਰੀ ਨਾਲ ਹੋਵੇਗੀ। ਇਸ ਤੋਂ ਬਾਅਦ 15 ਜੁਲਾਈ ਨੂੰ ਬੇਅਰ ਕਰੀਕ ਗਾਰਡਨ ਵਿੱਚ ਮਿਊਜ਼ਿਕ ਸਿਟੀ ਸ਼ੋਅਕੇਸ, 22 ਜੁਲਾਈ ਨੂੰ ਸੁਲੀਵਨ ਹਾਈਟਸ ਪਾਰਕ ਵਿੱਚ ਮਿਕੀ ਜੋਸੇ ਐਂਡ ਗਰੋਫੀ, 29 ਜੁਲਾਈ ਨੂੰ ਸਰੀ ਸਿਵਿਕ ਪਲਾਜ਼ਾ ਵਿੱਚ ਦ ਬੂਟ ਸਕੂਟਰਜ਼ ਨਾਲ ਲਾਈਨ ਡਾਂਸਿੰਗ, 5 ਅਗਸਤ ਨੂੰ ਡਾਰਟਸ ਹਿੱਲ ਗਾਰਡਨ ਪਾਰਕ ਵਿੱਚ ਬੈਨ ਡਨਿਲ, 12 ਅਗਸਤ ਨੂੰ ਫਰਾਂਸਿਸ ਪਾਰਕ ਵਿੱਚ ਰੌਬਿਨ ਫਰੋਜ਼ ਵੱਲੋਂ ਫਲੀਟਵੁੱਡ ਮੈਕ ਨੂੰ ਸਮਰਪਿਤ ਸੰਗੀਤਕ ਸ਼ਾਮ, 19 ਅਗਸਤ ਨੂੰ ਟੀ.ਈ. ਸਕੌਟ ਪਾਰਕ ਵਿੱਚ ਰਾਇਲ ਅਕੈਡਮੀ ਆਫ਼ ਪੰਜਾਬ ਦੀ ਡਾਂਸ ਟਰੂਪ ਵੱਲੋਂ ਪੰਜਾਬੀ ਲੋਕ ਨਾਚ ਅਤੇ ਵਰਕਸ਼ਾਪ, ਜਦਕਿ ਸਮਾਪਤੀ 26 ਅਗਸਤ ਨੂੰ ਸਰੀ ਸਿਵਿਕ ਪਲਾਜ਼ਾ ਵਿੱਚ ਮਜ਼ਾਕੋਟੇ ਦੇ ਨਾਲ ਸਾਲਸਾ ਡਾਂਸਿੰਗ ਪ੍ਰੋਗਰਾਮ ਨਾਲ ਹੋਵੇਗੀ।

ਸਿਟੀ ਆਫ਼ ਸਰੀ ਅਨੁਸਾਰ ‘ਸਾਊਂਡਜ਼ ਆਫ਼ ਸਮਰ’ ਸਰੀ ਪਾਰਕਸ ਵੱਲੋਂ ਗਰਮੀਆਂ ਦੌਰਾਨ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਮਕਸਦ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਕੁਦਰਤ ਨਾਲ ਜੋੜਨਾ, ਪਰਿਵਾਰਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਮਨੋਰੰਜਨ ਮੁਹੱਈਆ ਕਰਵਾਉਣਾ ਅਤੇ ਇੱਕ ਸਿਹਤਮੰਦ ਤੇ ਸਰਗਰਮ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ।

ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਲੈਣ ਲਈ ਆਪਣੇ ਨਾਲ ਲਾਅਨ ਕੁਰਸੀਆਂ ਜਾਂ ਕੰਬਲ ਲੈ ਕੇ ਆਉਣ ਅਤੇ ਵਧੀਆ ਬੈਠਣ ਦੀ ਥਾਂ ਪ੍ਰਾਪਤ ਕਰਨ ਲਈ ਸਮੇਂ ਤੋਂ ਪਹਿਲਾਂ ਪਹੁੰਚਣ।

NO COMMENTS

LEAVE A REPLY

Please enter your comment!
Please enter your name here

Exit mobile version