ਸਰੀ, ਬੀ.ਸੀ., 28 ਜੂਨ: ਸਰੀ ਦੇ ਨਿਊਟਨ ਇਲਾਕੇ ਵਿੱਚ ਐਤਵਾਰ ਤੜਕੇ ਇੱਕ ਰਿਹਾਇਸ਼ੀ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ, ਇਹ ਘਟਨਾ ਐਤਵਾਰ ਸਵੇਰੇ ਕਰੀਬ 12:34 ਵਜੇ 14500 ਬਲਾਕ, 75 ਐਵੇਨਿਊ ਵਿੱਚ ਵਾਪਰੀ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਇੱਕ ਬਾਲਗ ਵਿਅਕਤੀ ਨੂੰ ਉਸ ਦੇ ਵਾਹਨ ਵਿੱਚ ਗੋਲੀ ਲੱਗੀ ਹਾਲਤ ਵਿੱਚ ਲੱਭਿਆ। ਐਮਰਜੈਂਸੀ ਮੈਡੀਕਲ ਟੀਮ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਘਟਨਾ ਸਮੇਂ Project Assurance ਤਹਿਤ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਾਹਨ ਨੂੰ ਰੋਕ ਕੇ ਇੱਕ ਬਾਲਗ ਵਿਅਕਤੀ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ। ਉਹ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ, ਹਾਲਾਂਕਿ ਅਜੇ ਤੱਕ ਉਸ ਖ਼ਿਲਾਫ਼ ਕੋਈ ਰਸਮੀ ਦੋਸ਼ ਦਰਜ ਨਹੀਂ ਕੀਤਾ ਗਿਆ।
Surrey Police Service ਦੀ Major Crime Unit ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਲੱਗਦਾ ਹੈ ਅਤੇ ਇਸ ਦਾ ਹਾਲੀਆ ਫਿਰੌਤੀ (extortion) ਨਾਲ ਜੁੜੀਆਂ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਮਿਲਿਆ।
ਪੁਲਿਸ ਨੇ ਇਲਾਕੇ ਦੇ ਰਹਿਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਨਾਲ ਸਬੰਧਤ CCTV, ਡੈਸ਼ਕੈਮ ਫੁਟੇਜ ਜਾਂ ਹੋਰ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਹੋਰ ਜਾਣਕਾਰੀ ਮਿਲਣ ‘ਤੇ ਜਨਤਕ ਕੀਤੀ ਜਾਵੇਗੀ।
