ਸਰੀ (ਬੀ.ਸੀ.) – ਰਵੀ ਕਾਂਤ ਸ਼ਰਮਾ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਸਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਇੱਕ ਵਿਸ਼ੇਸ਼ ਧਾਰਮਿਕ ਅਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸਿੱਖ ਪੰਥ, ਵਿਰਾਸਤ ਸੰਭਾਲ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦਾ ਮੁੱਖ ਕੇਂਦਰ ਸਰਹਿੰਦ ਵਿਖੇ ਸਥਿਤ ਦੀਵਾਨ ਟੋਡਰ ਮੱਲ ਦੀ ਇਤਿਹਾਸਕ ‘ਜਹਾਜ਼ ਹਵੇਲੀ’ ਦੀ ਸੰਭਾਲ, ਸੰਰੱਖਣ ਅਤੇ ਪੁਨਰ-ਸਥਾਪਨਾ ਲਈ ਚੱਲ ਰਹੇ ਉਪਰਾਲੇ ਰਹੇ। ਇਸ ਮੌਕੇ ਦੱਸਿਆ ਗਿਆ ਕਿ ਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ ਪੰਜਾਬ ਦੇ ਮੁਖੀ ਸ. ਲਖਵਿੰਦਰ ਸਿੰਘ ਕਹਨੇਕੇ ਦੀ ਅਗਵਾਈ ਹੇਠ ਇਹ ਇਤਿਹਾਸਕ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਦਾ ਉਦੇਸ਼ ਇਸ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣਾ ਹੈ।
ਗੁਰਦੁਆਰਾ ਕਮੇਟੀ ਵੱਲੋਂ ਸ. ਲਖਵਿੰਦਰ ਸਿੰਘ ਕਹਨੇਕੇ ਨੂੰ “ਵਿਰਾਸਤ ਗੌਰਵ ਸਨਮਾਨ” ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸ. ਬਹਾਦਰ ਸਿੰਘ ਅਤੇ ਬੀਬੀ ਪਰਵਿੰਦਰ ਕੌਰ ਨੂੰ “ਡਿਸਟਿੰਗਵਿਸ਼ਡ ਪੰਥਿਕ ਸੇਵਾ ਸਨਮਾਨ”, ਸ. ਨਿਰਮਲ ਸਿੰਘ ਚੰਦੀ ਨੂੰ “ਡਿਸਟਿੰਗਵਿਸ਼ਡ ਪੰਥਿਕ ਸੇਵਾ ਸਨਮਾਨ”, ਜਦਕਿ ਸ. ਜੋਗਾ ਸਿੰਘ ਬਾਠ ਨੂੰ “ਪੰਥਿਕ ਸੇਵਾ ਸਨਮਾਨ” ਭੇਟ ਕੀਤਾ ਗਿਆ।
ਇਸੇ ਮੌਕੇ ਵਿਸ਼ਵ ਸਿੱਖ ਸੰਸਥਾ (WSO) ਦੇ ਕਾਨੂੰਨੀ ਸਲਾਹਕਾਰ ਸ. ਬਲਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕੈਨੇਡਾ ਅਤੇ ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਦਰਪੇਸ਼ ਅਹਿਮ ਚੁਣੌਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਸ਼ਵ ਸਿੱਖ ਸੰਸਥਾ ਸਿੱਖਾਂ ਦੇ ਧਾਰਮਿਕ ਅਧਿਕਾਰਾਂ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨੀ ਹੱਕਾਂ ਦੀ ਰੱਖਿਆ ਲਈ ਨਿਰੰਤਰ ਸਰਗਰਮ ਭੂਮਿਕਾ ਨਿਭਾ ਰਹੀ ਹੈ।
ਉਪਰੰਤ, ਵਿਸ਼ਵ ਸਿੱਖ ਸੰਸਥਾ ਵੱਲੋਂ ਬੀ.ਸੀ. ਫੈਰੀ ਦੇ ਕੈਪਟਨ ਸ. ਗੁਰਪ੍ਰੀਤ ਸਿੰਘ ਬਾਜਵਾ ਅਤੇ ਇੰਜੀਨੀਅਰ ਕਰਮਬੀਰ ਸਿੰਘ ਕੰਗ ਨੂੰ ਉਨ੍ਹਾਂ ਦੇ ਮੋਹਰੀ ਅਤੇ ਪ੍ਰੇਰਨਾਦਾਇਕ ਯੋਗਦਾਨ ਲਈ “ਐਵਾਰਡ ਆਫ ਆਨਰ” ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਸੰਸਥਾਪਕ ਪ੍ਰਧਾਨ ਅਤੇ ਸੀ.ਈ.ਓ. ਸ. ਗਿਆਨ ਸਿੰਘ ਸੰਧੂ ਨੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ‘ਜਹਾਜ਼ ਹਵੇਲੀ’ ਦੀ ਸੰਭਾਲ ਅਤੇ ਪੁਨਰ-ਸਥਾਪਨਾ ਲਈ ਚੱਲ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰੋਜੈਕਟ ਦੀ ਪ੍ਰਗਤੀ ਨਾਲ ਨਿਰੰਤਰ ਜੁੜੇ ਰਹਿੰਦੇ ਹਨ ਅਤੇ ਹਰ ਪੜਾਅ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੇਵਾ ਪੂਰੀ ਤਨਦੇਹੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਅੱਗੇ ਵੱਧ ਰਹੀ ਹੈ।
ਸ. ਗਿਆਨ ਸਿੰਘ ਸੰਧੂ ਨੇ ਇਸ ਮਹੱਤਵਪੂਰਨ ਉਪਰਾਲੇ ਦੇ ਮੁੱਖ ਵਿੱਤੀ ਸਹਿਯੋਗੀ ਟਰੇਸੀ (ਅਮਰੀਕਾ) ਨਿਵਾਸੀ ਸ. ਸਤਨਾਮ ਸਿੰਘ ਸੰਧੂ ਅਤੇ ਸ. ਕਰਨੈਲ ਸਿੰਘ ਸੰਧੂ ਭਰਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ, ਉਦਾਰਤਾ ਅਤੇ ਦ੍ਰਿੜ੍ਹ ਵਚਨਬੱਧਤਾ ਸਦਕਾ ਇਹ ਇਤਿਹਾਸਕ ਵਿਰਾਸਤੀ ਪ੍ਰੋਜੈਕਟ ਸਾਕਾਰ ਹੋ ਰਿਹਾ ਹੈ। ਉਨ੍ਹਾਂ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਸ. ਲਖਵਿੰਦਰ ਸਿੰਘ ਕਹਨੇਕੇ ਅਤੇ ਸਮੂਹ ਸੇਵਾਦਾਰਾਂ ਦੀ ਨਿਸ਼ਕਾਮ ਸੇਵਾ ਅਤੇ ਸਮਰਪਣ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ।
ਸ. ਬਹਾਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਸ਼ਵ ਭਰ ਵਿੱਚ ਸਿੱਖ ਪਹਿਚਾਣ ਅਤੇ ਕਕਾਰਾਂ ਦੀ ਮਰਿਆਦਾ ਨਾਲ ਜੁੜੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਵਿਰਾਸਤ ਨੂੰ ਮਜ਼ਬੂਤੀ ਨਾਲ ਪਹੁੰਚਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ।
ਹੋਰ ਬੁਲਾਰਿਆਂ ਨੇ ਵੀ ਸਿੱਖ ਇਤਿਹਾਸ, ਵਿਰਾਸਤ ਦੀ ਸੰਭਾਲ, ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਅਤੇ ਪੰਥਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਚੜ੍ਹਦੀਕਲਾ ਟਾਈਮ ਟੀਵੀ ਤੋਂ ਰਵੀ ਕਾਂਤ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ, ਸਮਾਜਿਕ ਆਗੂਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਮਹਿਮਾਨਾਂ, ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿੱਖ ਇਤਿਹਾਸ, ਵਿਰਾਸਤ ਅਤੇ ਪੰਥਕ ਸੇਵਾ ਦੇ ਅਜਿਹੇ ਉਪਰਾਲਿਆਂ ਨੂੰ ਸਾਂਝੇ ਰੂਪ ਵਿੱਚ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ ਗਿਆ।