ਕੈਨੇਡਾ/ਬੀ.ਸੀ. (ਰਵੀ ਕਾਂਤ ਸ਼ਰਮਾ) – ਪੰਜਾਬੀ ਗਾਇਕ ਏਪੀ ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ‘ਤੇ ਹੋਏ ਗੋਲੀਬਾਰੀ ਹਮਲੇ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਸ਼ੂਟਰ ਖ਼ਿਲਾਫ਼ ਕੈਨੇਡਾ ਦੀ ਇਮੀਗ੍ਰੇਸ਼ਨ ਟ੍ਰਿਬਿਊਨਲ ਵੱਲੋਂ ਡਿਪੋਰਟੇਸ਼ਨ ਆਦੇਸ਼ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਭੀਜੀਤ ਸਿੰਘ ਕਿੰਗਰਾ, ਜਿਸਨੂੰ ਇਸ ਕੇਸ ਵਿੱਚ ਸ਼ੂਟਰ ਵਜੋਂ ਪਛਾਣਿਆ ਗਿਆ ਸੀ, ਕਿੰਗਰਾ ਨੂੰ 2024 ਵਿੱਚ ਵਿਕਟੋਰੀਆ ਖੇਤਰ ਵਿੱਚ ਏਪੀ ਢਿੱਲੋਂ ਦੇ ਨਿਵਾਸ ਸਥਾਨ ਦੇ ਬਾਹਰ ਗੋਲੀਬਾਰੀ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਆਫ਼ ਕੈਨੇਡਾ ਵੱਲੋਂ ਉਸਨੂੰ ਕੈਨੇਡਾ ਵਿੱਚ ਰਹਿਣ ਲਈ ਅਯੋਗ ਘੋਸ਼ਿਤ ਕਰਦਿਆਂ ਡਿਪੋਰਟੇਸ਼ਨ ਦਾ ਹੁਕਮ ਸੁਣਾਇਆ ਗਿਆ।
ਸੁਣਵਾਈ ਦੌਰਾਨ ਦੋਸ਼ੀ ਵੱਲੋਂ ਇਹ ਦਲੀਲ ਪੇਸ਼ ਕੀਤੀ ਗਈ ਕਿ ਭਾਰਤ ਵਾਪਸੀ ‘ਤੇ ਉਸਦੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਉਸਨੂੰ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ ਟ੍ਰਿਬਿਊਨਲ ਨੇ ਇਹ ਦਲੀਲ ਸਬੂਤਾਂ ਦੀ ਕਮੀ ਕਾਰਨ ਖ਼ਾਰਜ ਕਰ ਦਿੱਤੀ। 2024 ਦੀ ਇਸ ਘਟਨਾ ਨੇ ਕੈਨੇਡਾ ਵਿੱਚ ਪੰਜਾਬੀ ਸੰਗੀਤ ਜਗਤ ਅਤੇ ਸਾਊਥ ਏਸ਼ੀਆਈ ਭਾਈਚਾਰੇ ਵਿੱਚ ਵੱਡੀ ਚਿੰਤਾ ਪੈਦਾ ਕੀਤੀ ਸੀ। ਹਾਲਾਂਕਿ ਇਸ ਹਮਲੇ ਦੌਰਾਨ ਏਪੀ ਢਿੱਲੋਂ ਸੁਰੱਖਿਅਤ ਰਹੇ ਸਨ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਹਥਿਆਰ ਚਲਾਉਣ ਅਤੇ ਅੱਗ ਲਗਾਉਣ ਸਮੇਤ ਕਈ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਮੌਜੂਦਾ ਸਜ਼ਾ ਪੂਰੀ ਹੋਣ ਤੋਂ ਬਾਅਦ ਡਿਪੋਰਟੇਸ਼ਨ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ, ਜਿਸ ਦੌਰਾਨ ਕਾਨੂੰਨੀ ਅਪੀਲ ਦਾ ਹੱਕ ਵੀ ਉਪਲਬਧ ਰਹੇਗਾ।







