Home Canada ਬੀ.ਸੀ. ਵਿੱਚ ਲਰਨਰ ਲਾਇਸੈਂਸ ਦਾ ਟੈਸਟ ਹੁਣ ਘਰ ਬੈਠੇ ਆਨਲਾਈਨ ਦਿੱਤਾ ਜਾ...

ਬੀ.ਸੀ. ਵਿੱਚ ਲਰਨਰ ਲਾਇਸੈਂਸ ਦਾ ਟੈਸਟ ਹੁਣ ਘਰ ਬੈਠੇ ਆਨਲਾਈਨ ਦਿੱਤਾ ਜਾ ਸਕੇਗਾ

0

ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ICBC ਨੇ ਨਵੇਂ ਡਰਾਈਵਰਾਂ ਲਈ ਇੱਕ ਵੱਡਾ ਬਦਲਾਅ ਐਲਾਨਿਆ ਹੈ। ਹੁਣ ਲਰਨਰ (L) ਲਾਇਸੈਂਸ ਹਾਸਲ ਕਰਨ ਲਈ ਲੋੜੀਂਦਾ ਨੌਲਿਜ (ਗਿਆਨ) ਟੈਸਟ ਘਰ ਬੈਠੇ ਆਨਲਾਈਨ ਦਿੱਤਾ ਜਾ ਸਕੇਗਾ। ਇਹ ਨਵੀਂ ਸਹੂਲਤ ਮੰਗਲਵਾਰ ਤੋਂ ਲਾਗੂ ਹੋ ਗਈ ਹੈ।

ਬੀ.ਸੀ. ਦੀ ਅਟਾਰਨੀ ਜਨਰਲ Niki Sharma ਨੇ ਕਿਹਾ ਕਿ ਇਸ ਕਦਮ ਨਾਲ ਨਵੇਂ ਡਰਾਈਵਰਾਂ ਨੂੰ ਵਧੇਰੇ ਚੋਣ ਅਤੇ ਸੁਵਿਧਾ ਮਿਲੇਗੀ, ਖ਼ਾਸ ਕਰਕੇ ਪੇਂਡੂ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ।

ਸਰਕਾਰ ਅਨੁਸਾਰ ਇਹ ਆਨਲਾਈਨ ਟੈਸਟ ਕਾਰ ਅਤੇ ਮੋਟਰਸਾਈਕਲ ਲਾਇਸੈਂਸ ਲਈ ਉਪਲਬਧ ਹੋਵੇਗਾ। ਹਾਲਾਂਕਿ ਕਮਰਸ਼ੀਅਲ ਵਾਹਨ ਚਲਾਉਣ ਦੇ ਇੱਛੁਕ ਲੋਕਾਂ ਨੂੰ ਅਜੇ ਵੀ ਟੈਸਟ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਜਾ ਕੇ ਦੇਣਾ ਪਵੇਗਾ।

ਆਨਲਾਈਨ ਟੈਸਟ ਦਾ ਮਿਆਰ ਅਤੇ ਸਵਾਲ ਉਹੀ ਰਹਿਣਗੇ ਜੋ ਦਫ਼ਤਰ ਵਿੱਚ ਲਏ ਜਾਣ ਵਾਲੇ ਟੈਸਟ ਵਿੱਚ ਹੁੰਦੇ ਹਨ। ਉਮੀਦਵਾਰਾਂ ਨੂੰ 50 ਵਿੱਚੋਂ ਘੱਟੋ-ਘੱਟ 40 ਸਵਾਲਾਂ ਦੇ ਸਹੀ ਜਵਾਬ ਦੇਣੇ ਲਾਜ਼ਮੀ ਹੋਣਗੇ। ਟੈਸਟ ਦੇਣ ਲਈ ਕੰਪਿਊਟਰ, ਕੈਮਰਾ ਅਤੇ ਸੁਰੱਖਿਅਤ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੋਵੇਗੀ। ਮੋਬਾਈਲ ਫੋਨ ਰਾਹੀਂ ਟੈਸਟ ਨਹੀਂ ਦਿੱਤਾ ਜਾ ਸਕੇਗਾ।

ਜਿਹੜੇ ਉਮੀਦਵਾਰ ਆਨਲਾਈਨ ਟੈਸਟ ਪਾਸ ਕਰ ਲੈਣਗੇ, ਉਨ੍ਹਾਂ ਨੂੰ ਫਿਰ ਵੀ ਆਪਣੀ ਪਛਾਣ ਦੀ ਪੁਸ਼ਟੀ, ਨਜ਼ਰ ਦੀ ਜਾਂਚ ਅਤੇ ਫੋਟੋ ਲਈ ICBC ਦਫ਼ਤਰ ਜਾਣਾ ਪਵੇਗਾ।

ICBC ਦੇ ਪ੍ਰਧਾਨ ਅਤੇ ਸੀਈਓ Jason McDaniel ਨੇ ਕਿਹਾ ਕਿ ਨੌਲਿਜ ਟੈਸਟ ਨੂੰ ਆਨਲਾਈਨ ਕਰਨਾ ਡਰਾਈਵਰ ਲਾਇਸੈਂਸਿੰਗ ਸੇਵਾਵਾਂ ਨੂੰ ਆਧੁਨਿਕ ਬਣਾਉਣ ਵੱਲ ਪਹਿਲਾ ਕਦਮ ਹੈ। ਉਨ੍ਹਾਂ ਮੁਤਾਬਕ 2027 ਤੋਂ ਡਰਾਈਵਰ ਲਾਇਸੈਂਸ ਅਤੇ BC ID ਕਾਰਡਾਂ ਦੇ ਨਵੀਨੀਕਰਨ ਅਤੇ ਬਦਲੀ ਦੀਆਂ ਕੁਝ ਸੇਵਾਵਾਂ ਵੀ ਆਨਲਾਈਨ ਉਪਲਬਧ ਕਰਵਾਉਣ ਦੀ ਯੋਜਨਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version