ਲੈਂਗਲੀ (ਬੀ.ਸੀ.) ਰਵੀ ਕਾਂਤ ਸ਼ਰਮਾ – ਕੈਨੇਡਾ ਦੌਰੇ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਵਫ਼ਦ ਦੇ ਸਨਮਾਨ ਵਿੱਚ ਲੈਂਗਲੀ ਦੇ ਇੱਕ ਬਨਕੁਇਟ ਹਾਲ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੋਅਰ ਮੇਨਲੈਂਡ ਦੇ ਵੱਖ-ਵੱਖ ਖੇਤਰਾਂ ਤੋਂ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ।

ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਐਨਆਰਆਈ ਪੰਜਾਬੀਆਂ ਨੇ ਹਮੇਸ਼ਾ ਪੰਜਾਬ ਦੀ ਆਰਥਿਕਤਾ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਐਨਆਰਆਈ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਾਇਦਾਦੀ ਵਿਵਾਦਾਂ, ਪ੍ਰਸ਼ਾਸਨਿਕ ਰੁਕਾਵਟਾਂ ਅਤੇ ਸਰਕਾਰੀ ਸੇਵਾਵਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪਾਰਟੀ ਵਚਨਬੱਧ ਹੈ।
ਉਨ੍ਹਾਂ ਕਿਹਾ, “ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ। ਅਸੀਂ ਉਨ੍ਹਾਂ ਦੀਆਂ ਸਹੂਲਤਾਂ, ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਅਤੇ ਐਨਆਰਆਈ ਭਾਈਚਾਰੇ ਲਈ ਸਰਕਾਰੀ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਵਾਂਗੇ।”
ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਅਤੇ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਬੁਲਾਰਿਆਂ ਨੇ ਸਰੀ, ਲੈਂਗਲੀ ਅਤੇ ਲੋਅਰ ਮੇਨਲੈਂਡ ਦੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਸਦੇ ਪੰਜਾਬੀਆਂ ਦਾ ਪੰਜਾਬ ਨਾਲ ਡੂੰਘਾ ਨਾਤਾ ਹੈ ਅਤੇ ਉਹ ਸੂਬੇ ਦੀ ਤਰੱਕੀ ਲਈ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਸਮਾਗਮ ਵਿੱਚ ਮੌਜੂਦ ਲੋਕਾਂ ਨੇ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ, ਕਿਸਾਨਾਂ, ਨੌਜਵਾਨਾਂ ਅਤੇ ਐਨਆਰਆਈ ਭਾਈਚਾਰੇ ਨਾਲ ਸਬੰਧਤ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬੀ ਭਾਈਚਾਰੇ ਵੱਲੋਂ ਇਸ ਇਕੱਠ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਆਯੋਜਕਾਂ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋ, ਜਸਪ੍ਰੀਤ ਸਿੰਘ ਮਾਹਲਾ, ਐਡਵੋਕੇਟ ਰਾਜਕਮਲ ਸਿੰਘ, ਮਨਪ੍ਰੀਤ ਸਿੰਘ ਝੱਬਰ ਸਤਵਿੰਦਰ ਪਾਲ ਸਿੰਘ ਸ਼ਰਨਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਸਤਵਿੰਦਰ ਸਿੰਘ ਢੱਟ, ਗੁਰਬਖਸ਼ ਸਿੰਘ ਬਾਗੀ, ਉੱਘੇ ਗਾਇਕ ਕੇ ਐਸ ਮੱਖਣ, ਬਲਵਿੰਦਰ ਸਿੰਘ ਕਾਹਲਵਾਂ ਆਦਿ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ
ਅੱਜ ਦੀ ਇਸ ਰੈਲੀ ਨੂੰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰਮਾਣਾ ਨੇ ਵੀਡੀਓ ਕਾਨਫਰੰਸ ਰਾਹੀਂ ਵੀ ਸੰਬੋਧਨ ਕੀਤਾ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਗੁਰਦੀਪ ਪੈਂਥਰ, ਬੇਅੰਤ ਕੌਰ ਖਹਿਰਾ,ਸੁਰਿੰਦਰ ਪਾਲ ਸਿੰਘ ਔਲਖ,
ਜਗਜੀਤ ਸਿੰਘ ਢਿੱਲੋਂ (ਜੀਤਾ ਦੀਵਾਨੇ),ਵਿਕੀ ਧਾਲੀਵਾਲ ਮੋਗਾ, ਹਰਜੋਤ ਸੰਧੂ, ਲਖਵੀਰ ਮਾਨ ਰਾਜੇਆਣਾ, ਹਰਬਖਸ ਰਾਏ ਧੂਰਕੋਟ,ਰਣਜੀਤ ਸੰਧੂ ਕਪੂਰੇ, ਭਾਗ ਸਿੰਘ, ਕੁਲਵੰਤ ਬਾਪਲਾ, ਗੁਰਮੀਤ ਰਾਏ, , ਹਰਦੀਪ ਹੈਰੀ ਮਹਲਕੱਲਾ,ਹਰਦੀਪ ਪਰਮਾਰ, ਹਰਦਿਆਲ ਥਿੰਦ ਆਦਿ ਅਕਾਲੀ ਵਰਕਰ ਵੀ ਹਾਜ਼ਰ ਸਨ।