ਵੈਨਕੂਵਰ, ਬੀ.ਸੀ. (ਰਵੀ ਕਾਂਤ ਸ਼ਰਮਾ) — ਕੈਨੇਡਾ ਦੇ “ਲੀਜੈਂਡਰੀ ਸਿੱਖ ਰਾਈਡਰਜ਼ ਕਲੱਬ” ਦੇ ਤਿੰਨ ਮੈਂਬਰਾਂ ਸ. ਮਲਕੀਅਤ ਸਿੰਘ ਹੁੰਜਣ, ਸ. ਹਰਜੀਤ ਸਿੰਘ ਸਿਹਰਾ ਅਤੇ ਸ. ਅਵਤਾਰ ਸਿੰਘ ਸ਼ੇਰਗਿੱਲ ਨੇ ਮੋਟਰਸਾਈਕਲ ਸਫ਼ਰੀ ਖੇਤਰ ਵਿੱਚ ਇੱਕ ਹੋਰ ਸ਼ਾਨਦਾਰ ਉਪਲਬਧੀ ਆਪਣੇ ਨਾਮ ਕੀਤੀ ਹੈ। ਤਿੰਨਾਂ ਰਾਈਡਰਾਂ ਨੇ 20 ਜੂਨ 2026 ਨੂੰ ਆਪਣੀ 2015 Honda Goldwing ਮੋਟਰਸਾਈਕਲ ’ਤੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 2,456 ਕਿਲੋਮੀਟਰ (1,582 ਮੀਲ) ਦਾ ਸਫ਼ਰ ਤੈਅ ਕਰਕੇ ਵਿਸ਼ਵ ਪ੍ਰਸਿੱਧ Iron Butt Association ਦਾ ਬਹੁਤ ਹੀ ਮੁਸ਼ਕਲ “Bun Burner 1500 GOLD” ਚੈਲੇਂਜ ਸਫਲਤਾਪੂਰਵਕ ਪੂਰਾ ਕੀਤਾ।
ਇਹ ਲੰਬਾ ਅਤੇ ਚੁਣੌਤੀਪੂਰਨ ਸਫ਼ਰ ਵੈਨਕੂਵਰ ਤੋਂ ਸ਼ੁਰੂ ਹੋ ਕੇ ਵੈਲਮਾਊਂਟ, ਅਗਾਸਿਜ਼ ਅਤੇ ਮੁੜ ਵੈਲਮਾਊਂਟ ਰਾਹੀਂ ਵਾਪਸ ਵੈਨਕੂਵਰ ਤੱਕ ਤੈਅ ਕੀਤਾ ਗਿਆ। ਇਸ ਦੌਰਾਨ ਰਾਈਡਰਾਂ ਨੇ ਅਸਾਧਾਰਣ ਸਹਿਣਸ਼ੀਲਤਾ, ਦ੍ਰਿੜ ਇਰਾਦੇ ਅਤੇ ਸੁਰੱਖਿਅਤ ਡਰਾਈਵਿੰਗ ਦੇ ਉੱਚ ਮਿਆਰਾਂ ਦਾ ਪ੍ਰਦਰਸ਼ਨ ਕੀਤਾ।
ਲੀਜੈਂਡਰੀ ਸਿੱਖ ਰਾਈਡਰਜ਼ ਕਲੱਬ ਕੈਨੇਡਾ ਵੱਲੋਂ ਸਮੇਂ-ਸਮੇਂ ’ਤੇ ਮੋਟਰਸਾਈਕਲ ਰਾਈਡਾਂ ਰਾਹੀਂ ਸਿੱਖੀ ਦੇ ਪ੍ਰਚਾਰ ਅਤੇ ਜਾਗਰੂਕਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਕਲੱਬ ਦੀ ਇਸ ਨਵੀਂ ਪ੍ਰਾਪਤੀ ’ਤੇ ਸਮੁੱਚੇ ਸਿੱਖ ਭਾਈਚਾਰੇ ਅਤੇ ਮੋਟਰਸਾਈਕਲ ਰਾਈਡਿੰਗ ਜਗਤ ਵੱਲੋਂ ਤਿੰਨਾਂ ਰਾਈਡਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।







