ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ) – ਸਰੀ ਦੇ ਮੇਅਰ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਹਿਰ ਵਿੱਚ ਜਨਤਕ ਵਾਸ਼ਰੂਮਾਂ ਦੀ ਸਹੂਲਤ ਨੂੰ ਵਧਾਉਣ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਸਹੂਲਤ ਦਾ ਨਹੀਂ, ਸਗੋਂ ਸਨਮਾਨ, ਪਹੁੰਚਯੋਗਤਾ, ਸਿਹਤ ਅਤੇ ਮਨੁੱਖੀ ਮਰਿਆਦਾ ਨਾਲ ਵੀ ਜੁੜਿਆ ਹੋਇਆ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਹ ਪ੍ਰਸਤਾਵ ਉਨ੍ਹਾਂ ਨੂੰ ਸਰੀ ਦੇ ਨਿਵਾਸੀਆਂ, ਖ਼ਾਸ ਕਰਕੇ ਸੀਨੀਅਰ ਨਾਗਰਿਕਾਂ

ਨਾਲ ਹੋਈਆਂ ਮੁਲਾਕਾਤਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਤਿਆਰ ਕਰਨ ਦੀ ਪ੍ਰੇਰਣਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਈ ਬਜ਼ੁਰਗਾਂ ਨੇ ਸ਼ਹਿਰ ਵਿੱਚ ਜਨਤਕ ਵਾਸ਼ਰੂਮਾਂ ਦੀ ਘਾਟ ਕਾਰਨ ਦਰਪੇਸ਼ ਮੁਸ਼ਕਲਾਂ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ।
ਰੰਧਾਵਾ ਨੇ ਕਿਹਾ, “ਸਾਡੇ ਸੀਨੀਅਰਾਂ ਨੂੰ ਆਪਣਾ ਦਿਨ ਇਸ ਗੱਲ ਦੇ ਆਧਾਰ ’ਤੇ ਨਹੀਂ ਬਣਾਉਣਾ ਚਾਹੀਦਾ ਕਿ ਨੇੜੇ ਵਾਸ਼ਰੂਮ ਮਿਲੇਗਾ ਜਾਂ ਨਹੀਂ। ਕਈ ਲੋਕ ਸੈਰ ਕਰਨ, ਕਮਿਊਨਿਟੀ ਸਮਾਗਮਾਂ ਵਿੱਚ ਜਾਣ ਜਾਂ ਜਨਤਕ ਥਾਵਾਂ ’ਤੇ ਸਮਾਂ ਬਿਤਾਉਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਵਾਸ਼ਰੂਮ ਦੀ ਸਹੂਲਤ ਨਾ ਮਿਲਣ ਦੀ ਚਿੰਤਾ ਰਹਿੰਦੀ ਹੈ।”
ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ‘ਸਰੀ ਪਬਲਿਕ ਵਾਸ਼ਰੂਮ ਪਲਾਨ’ ਤਹਿਤ ਸ਼ਹਿਰ ਦੀ ਮਲਕੀਅਤ ਵਾਲੀਆਂ ਥਾਵਾਂ ’ਤੇ ਨਵੇਂ ਜਨਤਕ ਵਾਸ਼ਰੂਮ ਬਣਾਉਣ ਲਈ ਉੱਚ ਮੰਗ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ। ਇਸ ਵਿੱਚ ਟਰਾਂਜ਼ਿਟ ਐਕਸਚੇਂਜ, ਪਾਰਕ, ਖੇਡ ਮੈਦਾਨ, ਸਿਵਿਕ ਪਲਾਜ਼ਾ, ਮਨੋਰੰਜਨ ਕੇਂਦਰ ਅਤੇ ਸੀਨੀਅਰ ਨਾਗਰਿਕਾਂ ਦੀ ਵੱਧ ਅਬਾਦੀ ਵਾਲੇ ਇਲਾਕੇ ਸ਼ਾਮਲ ਹੋਣਗੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਸ ਯੋਜਨਾ ਦੇ ਨਾਲ ‘ਸਰੀ ਕਮਿਊਨਿਟੀ ਵਾਸ਼ਰੂਮ ਭਾਈਵਾਲੀ ਪ੍ਰੋਗਰਾਮ’ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਸਥਾਨਕ ਕਾਰੋਬਾਰਾਂ, ਰੈਸਟੋਰੈਂਟਾਂ, ਗੈਸ ਸਟੇਸ਼ਨਾਂ ਅਤੇ ਵਪਾਰਕ ਕੇਂਦਰਾਂ ਨੂੰ ਸਵੈਇੱਛਾ ਨਾਲ ਲੋਕਾਂ ਲਈ ਵਾਸ਼ਰੂਮ ਉਪਲਬਧ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਕਾਰੋਬਾਰਾਂ ਨੂੰ ਸ਼ਹਿਰੀ ਪ੍ਰਚਾਰ ਮੁਹਿੰਮਾਂ, ਜਨਤਕ ਨਕਸ਼ਿਆਂ, ਵਿਸ਼ੇਸ਼ ਮਾਨਤਾ ਅਤੇ ਹੋਰ ਪ੍ਰੋਤਸਾਹਨਾਂ ਰਾਹੀਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਰੰਧਾਵਾ ਨੇ ਦਾਅਵਾ ਕੀਤਾ ਕਿ ਵਾਸ਼ਰੂਮਾਂ ਦੀ ਬਿਹਤਰ ਸਹੂਲਤ ਨਾਲ ਸ਼ਹਿਰ ਦੀਆਂ ਜਨਤਕ ਥਾਵਾਂ ਹੋਰ ਸਾਫ਼-ਸੁਥਰੀਆਂ ਬਣਨਗੀਆਂ, ਸਿਹਤਮੰਦ ਵਾਤਾਵਰਨ ਨੂੰ ਉਤਸ਼ਾਹ ਮਿਲੇਗਾ ਅਤੇ ਸਰੀ ਨੂੰ ਹੋਰ ਸੁਆਗਤਯੋਗ ਸ਼ਹਿਰ ਬਣਾਉਣ ਵਿੱਚ ਮਦਦ ਮਿਲੇਗੀ।
ਮੀਡੀਆ ਨਾਲ ਗੱਲਬਾਤ ਦੇ ਅੰਤ ਵਿੱਚ ਉਨ੍ਹਾਂ ਕਿਹਾ, “ਅਸਲ ਲੀਡਰਸ਼ਿਪ ਲੋਕਾਂ ਦੀ ਗੱਲ ਸੁਣਨ ਨਾਲ ਸ਼ੁਰੂ ਹੁੰਦੀ ਹੈ। ਸਰੀ ਦੇ ਨਿਵਾਸੀ ਇੱਕ ਅਜਿਹਾ ਸ਼ਹਿਰ ਚਾਹੁੰਦੇ ਹਨ ਜੋ ਸਾਫ਼-ਸੁਥਰਾ, ਵਿਹਾਰਕ, ਦਇਆਵਾਨ ਅਤੇ ਲੋਕ-ਕੇਂਦਰਿਤ ਹੋਵੇ।”
ਇਹ ਐਲਾਨ ਸਰੀ ਦੀਆਂ ਆਗਾਮੀ ਨਗਰ ਚੋਣਾਂ ਲਈ ਹੋਨਵੀਰ ਸਿੰਘ ਰੰਧਾਵਾ ਦੇ ਚੋਣੀ ਏਜੰਡੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ।







