Ottawa, 26 ਮਈ (ਨਿਊਜ਼ ਡੈਸਕ): ਭਾਰਤ ਦੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ Piyush Goyal ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਸ਼ਵ ਆਰਥਿਕ ਤਾਕਤ ਵਜੋਂ ਉਭਰ ਰਿਹਾ ਹੈ ਅਤੇ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਵੱਡੇ ਮੌਕੇ ਪੈਦਾ ਕਰ ਰਿਹਾ ਹੈ।
ਤਿੰਨ ਦਿਨਾਂ ਦੇ ਕੈਨੇਡਾ ਦੌਰੇ ਦੌਰਾਨ ਗੋਇਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਸਿੱਖਿਆ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਗੱਲਬਾਤ ਜਾਰੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਮਜ਼ਬੂਤ ਅਰਥਵਿਵਸਥਾ, ਨੌਜਵਾਨ ਆਬਾਦੀ ਅਤੇ ਤੇਜ਼ੀ ਨਾਲ ਵਧਦਾ ਉਦਯੋਗਿਕ ਢਾਂਚਾ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਇੱਕ ਅਹਿਮ ਆਰਥਿਕ ਕੇਂਦਰ ਬਣਾਉਂਦਾ ਜਾ ਰਿਹਾ ਹੈ।
ਗੋਇਲ ਨੇ ਇਹ ਵੀ ਦੱਸਿਆ ਕਿ ਭਾਰਤ ਅਤੇ ਕੈਨੇਡਾ 2030 ਤੱਕ ਦੋਪੱਖੀ ਵਪਾਰ ਨੂੰ ਕਾਫ਼ੀ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਹਨ। ਇਸ ਲਈ ਦੋਵੇਂ ਦੇਸ਼ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਨੂੰ ਅੱਗੇ ਵਧਾ ਰਹੇ ਹਨ।
ਉਨ੍ਹਾਂ ਕੈਨੇਡਾ ਵੱਸਦੇ ਭਾਰਤੀਆਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰਤੀ ਭਾਈਚਾਰਾ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਅਤੇ
ਸੱਭਿਆਚਾਰਕ ਸਬੰਧ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।







