ਓਟਾਵਾ, 27 ਮਈ (ਪੋਸਟ ਬਿਊਰੋ):ਕੈਨੇਡਾ ਸਰਕਾਰ ਨੇ ਸਵੀਡਨ ਦੀ ਰੱਖਿਆ ਕੰਪਨੀ ਸਾਬ (SAAB) ਨਾਲ ਅਧੁਨਿਕ ਹਵਾਈ ਸਰਵੇਲੈਂਸ ਪ੍ਰਣਾਲੀ “ਗਲੋਬਲਆਈ” ਖਰੀਦਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਹ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਾਵਾ ਵਿੱਚ ਹੋਈ CANSEC 2026 ਕਾਨਫਰੰਸ ਦੌਰਾਨ ਕੀਤਾ। “ਗਲੋਬਲਆਈ” ਇੱਕ ਆਧੁਨਿਕ ਏਅਰਬੌਰਨ ਅਗਾਹੀ ਅਤੇ ਕੰਟਰੋਲ ਸਿਸਟਮ (AEW&C) ਹੈ, ਜੋ ਬੰਬਾਰਡੀਅਰ ਦੇ ਗਲੋਬਲ 6500 ਜੈੱਟ ਪਲੇਟਫਾਰਮ ‘ਤੇ ਆਧਾਰਿਤ ਹੈ। ਇਸ ਵਿੱਚ ਲੱਗੇ ਉੱਚ-ਤਕਨੀਕੀ ਰਡਾਰ ਸਿਸਟਮ ਰਾਹੀਂ ਹਵਾਈ ਅਤੇ ਸਮੁੰਦਰੀ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਸਰਕਾਰ ਦੇ ਅਨੁਸਾਰ, ਜੇ ਇਹ ਸੌਦਾ ਅੰਤਿਮ ਰੂਪ ਲੈਂਦਾ ਹੈ ਤਾਂ ਅਗਲੇ 15 ਸਾਲਾਂ ਵਿੱਚ ਗਲੋਬਲਆਈ ਜਹਾਜ਼ਾਂ ਦਾ ਘੱਟੋ-ਘੱਟ ਇੱਕ ਤਿਹਾਈ ਹਿੱਸਾ ਕੈਨੇਡਾ ਵਿੱਚ ਹੀ ਤਿਆਰ ਕੀਤਾ ਜਾਵੇਗਾ। ਇਸ ਨਾਲ ਮਾਂਟਰੀਅਲ ਅਤੇ ਟੋਰਾਂਟੋ ਵਿੱਚ ਸਥਿਤ ਬੰਬਾਰਡੀਅਰ ਦੀਆਂ ਫੈਕਟਰੀਆਂ ਵਿੱਚ ਲਗਭਗ 40 ਜਹਾਜ਼ ਤਿਆਰ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਇਸ ਪ੍ਰੋਜੈਕਟ ਨਾਲ ਕੈਨੇਡਾ ਦੇ ਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ 3,000 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਰੱਖਿਆ ਵਿਭਾਗ ਵੱਲੋਂ ਛੇ ਗਲੋਬਲਆਈ ਸਿਸਟਮ ਖਰੀਦਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਦੀ ਲਾਗਤ 5 ਅਰਬ ਡਾਲਰ ਤੋਂ ਵੱਧ ਹੋ ਸਕਦੀ ਹੈ। ਇਹ ਜਹਾਜ਼ ਖਾਸ ਤੌਰ ‘ਤੇ ਆਰਕਟਿਕ ਖੇਤਰ ਵਿੱਚ ਨਿਗਰਾਨੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਰਤੇ ਜਾਣਗੇ। ਇਸ ਫੈਸਲੇ ਨਾਲ ਕੈਨੇਡਾ ਨੇ ਅਮਰੀਕੀ ਕੰਪਨੀ ਬੋਇੰਗ ਦੇ E-7A Wedgetail ਜਹਾਜ਼ਾਂ ਦੇ ਵਿਕਲਪ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਕਦਮ ਕੈਨੇਡਾ ਦੀ ਉਸ ਨਵੀਂ ਰੱਖਿਆ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਦਾ ਮਕਸਦ ਅਮਰੀਕਾ ‘ਤੇ ਨਿਰਭਰਤਾ ਘਟਾਉਣਾ ਅਤੇ ਘਰੇਲੂ ਏਅਰੋਸਪੇਸ ਉਦਯੋਗ ਨੂੰ ਮਜ਼ਬੂਤ ਕਰਨਾ ਹੈ।







