ਬਰੈਂਪਟਨ/ਮਿਸੀਸਾਗਾ, ਮਈ 25 (ਨਿਊਜ਼ ਡੈਸਕ): ਪੀਲ ਰੀਜਨਲ ਪੁਲਿਸ ਦੀ Extortion Task Force ਨੇ ਇੱਕ ਵੱਡੀ ਕਾਰਵਾਈ ਦੌਰਾਨ “For Brothers” ਨਾਂ ਦੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਜੁੜੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਗਿਰੋਹ ਕੈਨੇਡਾ ਅਤੇ ਅਮਰੀਕਾ ਵਿੱਚ South Asian ਭਾਈਚਾਰੇ ਦੇ ਕਾਰੋਬਾਰੀਆਂ ਅਤੇ ਲੋਕਾਂ ਨੂੰ ਧਮਕੀਆਂ ਦੇ ਕੇ Extortion ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।
ਪੁਲਿਸ ਅਨੁਸਾਰ ਇਹ ਗਿਰੋਹ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਨਾਲ ਜੁੜਿਆ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਰੈਸਟੋਰੈਂਟਾਂ ਅਤੇ ਟਰੱਕਿੰਗ ਕੰਪਨੀਆਂ ਸਮੇਤ ਕਈ ਕਾਰੋਬਾਰੀਆਂ ਨੂੰ Extortion ਦੀਆਂ ਮੰਗਾਂ ਨਾ ਮੰਨਣ ’ਤੇ ਲਗਾਤਾਰ ਨਿਸ਼ਾਨਾ ਬਣਾਇਆ ਗਿਆ।
ਦਸੰਬਰ 2025 ਵਿੱਚ ਸ਼ੁਰੂ ਹੋਈ ਇਸ Joint Forces Operation ਵਿੱਚ Peel Regional Police, Ontario Provincial Police (OPP), Canada Border Services Agency (CBSA), FBI ਅਤੇ FINTRAC ਨੇ ਮਿਲ ਕੇ ਕਾਰਵਾਈ ਕੀਤੀ। ਜਾਂਚਕਾਰਾਂ ਮੁਤਾਬਕ ਗਿਰੋਹ ਨਾਲ ਜੁੜੇ ਮੈਂਬਰਾਂ ਨੇ ਗੋਲੀਆਂ ਚਲਾਉਣ, ਅੱਗਜ਼ਨੀ ਅਤੇ ਹਿੰਸਕ ਧਮਕੀਆਂ ਰਾਹੀਂ ਡਰ ਦਾ ਮਾਹੌਲ ਬਣਾਇਆ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ 17 ਮੁਲਜ਼ਮਾਂ ਨੂੰ ਕੁੱਲ 106 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਲਜ਼ਮ 24 ਵੱਖ-ਵੱਖ ਘਟਨਾਵਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 16 ਹਿੰਸਕ ਵਾਰਦਾਤਾਂ “For Brothers” ਗਿਰੋਹ ਨਾਲ ਸਬੰਧਤ ਦੱਸੀਆਂ ਗਈਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਅੱਗਜ਼ਨੀ ਅਤੇ ਕਈ ਫਾਇਰਿੰਗ ਮਾਮਲੇ ਸ਼ਾਮਲ ਹਨ, ਜਿਨ੍ਹਾਂ ਦੌਰਾਨ ਕੁੱਲ 324 ਗੋਲੀਆਂ ਚਲਾਈਆਂ ਗਈਆਂ।
ਅਪ੍ਰੈਲ 2026 ਵਿੱਚ ਕਈ ਥਾਵਾਂ ’ਤੇ ਛਾਪੇਮਾਰੀਆਂ ਕਰਕੇ ਪੁਲਿਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਲਸਾਜ਼ੀ ਵਾਲੇ ਪਛਾਣ ਪੱਤਰ ਬਰਾਮਦ ਕੀਤੇ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਬਰੈਂਪਟਨ, ਸਰੀ, ਬੈਰੀ ਅਤੇ ਕੈਲੀਫੋਰਨੀਆ ਦੇ ਰਹਿਣ ਵਾਲੇ ਨੌਜਵਾਨ ਸ਼ਾਮਲ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਕੁਝ ਮੁਲਜ਼ਮਾਂ ਖਿਲਾਫ਼ ਇਮੀਗ੍ਰੇਸ਼ਨ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਕਈਆਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਪੀਲ ਪੁਲਿਸ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਕਿਹਾ ਕਿ ਇਹ ਕਾਰਵਾਈ ਕਾਨੂੰਨ ਲਾਗੂ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ Extortion ਸਿਰਫ਼ ਇੱਕ ਖੇਤਰ ਦੀ ਸਮੱਸਿਆ ਨਹੀਂ, ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਨਾਲ ਜੁੜਿਆ ਅਪਰਾਧ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਜਾਣਕਾਰੀ ਹੈ ਜਾਂ ਉਹ Extortion ਦਾ ਸ਼ਿਕਾਰ ਹੋਏ ਹਨ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।







