HomeHaryanaਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਮਨੁੱਖਤਾ ਨੂੰ ਜੀਵਨ ਜਿਊਣ ਦਾ ਰਾਹ...

ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਮਨੁੱਖਤਾ ਨੂੰ ਜੀਵਨ ਜਿਊਣ ਦਾ ਰਾਹ ਵਿਖਾਇਆ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 26 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਦੇ ਮਾਧਿਅਮ ਰਾਹੀਂ ਸੰਸਾਰ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ। ਉਹਨਾਂ ਦੀ ਰਚਨਾ ਕੇਵਲ ਇੱਕ ਮਹਾਕਾਵਿ ਨਹੀਂ, ਸਗੋਂ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਨੂੰ ਜੀਵਨ ਜਿਊਣ ਦਾ ਰਾਹ ਵਿਖਾਉਣ ਵਾਲੀ ਹੈ। ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਧੀਰਜ, ਮਿਹਨਤ, ਅਟੁੱਟ ਵਿਸ਼ਵਾਸ, ਕਰੁਣਾ, ਸਿੱਖਿਆ ਅਤੇ ਸਮਾਜਿਕ ਸਦਭਾਵਨਾ ਦੀ ਪ੍ਰੇਰਨਾ ਦਿੰਦੀਆਂ ਹਨ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਮਹਾਰਿਸ਼ੀ ਵਾਲਮੀਕਿ ਜੀ ਦੇ ਰਾਜ ਪੱਧਰੀ ਜਯੰਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਮਹਾਰਿਸ਼ੀ ਵਾਲਮੀਕਿ ਜੀ ਦੇ ਬੁੱਤ ‘ਤੇ ਫੁੱਲ ਅਰਪਿਤ ਕਰਕੇ ਨਮਨ ਕੀਤਾ ਅਤੇ ਸੂਬਾ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਵਿੱਚ ਨਿਰਮਾਣ ਅਧੀਨ ਵਾਲਮੀਕਿ ਹੋਸਟਲ ਲਈ 31 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ, ਨਾਲ ਹੀ ਕਿਹਾ ਕਿ ਜਲਦੀ ਹੀ ਹੋਸਟਲ ਦੇ ਭੂਮੀ ਪੂਜਨ ਦੇ ਮੌਕੇ ‘ਤੇ ਉੱਥੇ ਜਾਣਗੇ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਅਜਿਹੇ ਮਹਾਨ ਸੰਤ ਸਨ, ਜਿਨ੍ਹਾਂ ਨੇ ਹਨੇਰੇ ਵਿੱਚ ਗਿਆਨ ਦਾ ਦੀਵਾ ਬਾਲਿਆ। ਔਖੇ ਸਮੇਂ ਵਿੱਚ ਮਾਤਾ ਸੀਤਾ ਜੀ ਨੂੰ ਆਪਣੇ ਆਸ਼ਰਮ ਵਿੱਚ ਪਨਾਹ ਦੇਣ ਦੇ ਨਾਲ-ਨਾਲ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕੀਤੇ। ਸਿੱਖਿਆ ਅਤੇ ਸੰਸਕਾਰਾਂ ਦੇ ਮਾਧਿਅਮ ਨਾਲ ਉਹਨਾਂ ਦੀ ਸ਼ਖ਼ਸੀਅਤ ਨੂੰ ਇੱਕ ਵੱਖਰੀ ਪਛਾਣ ਮਿਲੀ। ਉਹਨਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਪਰਿਸਥਿਤੀਆਂ ਚਾਹੇ ਕਿੰਨੀਆਂ ਵੀ ਔਖੀਆਂ ਹੋਣ, ਮਨੁੱਖ ਨੂੰ ਧੀਰਜ ਨਹੀਂ ਛੱਡਣਾ ਚਾਹੀਦਾ।

ਭਗਵਾਨ ਸ਼੍ਰੀ ਰਾਮ ਦੇ ਜੀਵਨ ਦੀ ਉਦਾਹਰਨ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹਨਾਂ ਦਾ ਰਾਜਤਿਲਕ ਹੋਣਾ ਸੀ, ਉਸ ਸਮੇਂ ਉਹਨਾਂ ਨੂੰ ਵਣਵਾਸ ਜਾਣਾ ਪਿਆ, ਪਰ ਉਹਨਾਂ ਨੇ ਧੀਰਜ ਬਣਾਏ ਰੱਖਿਆ ਅਤੇ ਹਾਲਾਤਾਂ ਨੂੰ ਸਵੀਕਾਰ ਕਰਦਿਆਂ ਅੱਗੇ ਵਧੇ। ਰਾਮਾਇਣ ਸਾਨੂੰ ਸੰਦੇਸ਼ ਦਿੰਦੀ ਹੈ ਕਿ ਧੀਰਜ, ਮਿਹਨਤ ਅਤੇ ਅਟੁੱਟ ਵਿਸ਼ਵਾਸ ਨਾਲ ਕੋਈ ਵੀ ਨਿਸ਼ਾਨਾ ਹਾਸਲ ਕੀਤਾ ਜਾ ਸਕਦਾ ਹੈ।

ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰ ਵਿੱਚ ਉਤਾਰਨਾ ਹੀ ਸੱਚੀ ਸ਼ਰਧਾ
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਹਨਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਕੇਵਲ ਪੂਜਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਸਾਡੇ ਵਿਵਹਾਰ ਵਿੱਚ ਵੀ ਦਿਸਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨਾਲ ਜਨਮ, ਜਾਤ, ਆਰਥਿਕ ਸਥਿਤੀ ਜਾਂ ਕੰਮ ਦੇ ਆਧਾਰ ‘ਤੇ ਵਿਤਕਰਾ ਨਹੀਂ ਹੋਣਾ ਚਾਹੀਦਾ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਵੀ ਇਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਸਰਕਾਰ ਦਾ ਯਤਨ ਹੈ ਕਿ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ ਅਤੇ ਹਰ ਵਿਅਕਤੀ ਸਤਿਕਾਰ ਨਾਲ ਅੱਗੇ ਵਧੇ।

ਅਯੋਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੇ ਸਤਿਕਾਰ ਦਾ ਜ਼ਿਕਰ
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੋਧਿਆ ਵਿੱਚ ਭਵਾਨ ਮੰਦਰ ਦੇ ਨਿਰਮਾਣ ਦੇ ਅਸੀਂ ਗਵਾਹ ਬਣੇ ਹਾਂ। ਮੰਦਰ ਕੰਪਲੈਕਸ ਵਿੱਚ ਮਹਾਰਿਸ਼ੀ ਵਾਲਮੀਕਿ, ਨਿਸ਼ਾਦਰਾਜ ਅਤੇ ਮਾਤਾ ਸ਼ਬਰੀ ਦੇ ਮੰਦਰ ਵੀ ਬਣਾਏ ਗਏ ਹਨ। ਅਯੋਧਿਆ ਧਾਮ ਵਿੱਚ ਹਵਾਈ ਅੱਡੇ ਦਾ ਨਾਂ ਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ।

ਮਹਾਪੁਰਖਾਂ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਮਹਾਪੁਰਖਾਂ ਦੀ ਜਯੰਤੀ ਮਨਾਉਣ ਦਾ ਉਦੇਸ਼ ਉਹਨਾਂ ਦੇ ਵਿਚਾਰਾਂ ਅਤੇ ਸੰਦੇਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ, ਤਾਂ ਜੋ ਨੌਜਵਾਨ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ। ਉਹਨਾਂ ਦੱਸਿਆ ਕਿ ਇਸ ਸਾਲ ਸੰਤ ਕਬੀਰ ਕੁਟੀਰ ਵਿਖੇ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਅਗਲੇ ਸਾਲ ਇਸ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਯਤਨ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਸਰਕਾਰ ਦੀ ਹਰ ਯੋਜਨਾ, ਹਰ ਨੀਤੀ ਅਤੇ ਹਰ ਫੈਸਲੇ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਵਿਖਾਏ ਰਾਹ ਦੀ ਭਾਵਨਾ ਸ਼ਾਮਲ ਹੈ। ਉਹਨਾਂ ਦੀ ਕਰੁਣਾ, ਸਵੈ-ਮਾਣ ਅਤੇ ਮਨੁੱਖਤਾ ਦਾ ਸੰਦੇਸ਼ ਸਰਕਾਰ ਦੇ ਕੰਮਾਂ ਦਾ ਆਧਾਰ ਹੈ।

ਸਿੱਖਿਆ ਅਤੇ ਨੌਜਵਾਨਾਂ ਲਈ ਸਰਕਾਰ ਦੀਆਂ ਯੋਜਨਾਵਾਂ
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਜ਼ੀਫ਼ੇ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਅਤੇ ਹੋਸਟਲ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਦਾ ਸੰਕਲਪ ਹੈ ਕਿ ਪੈਸੇ ਦੀ ਘਾਟ ਕਾਰਨ ਕਿਸੇ ਵੀ ਬੱਚੇ ਦੀ ਪ੍ਰਤਿਭਾ ਉਸ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਉਹਨਾਂ ਦੱਸਿਆ ਕਿ ਵਜ਼ੀਫ਼ੇ ਦੀ ਰਕਮ ਸਿੱਧੀ ਲਾਭਪਾਤਰੀ ਬੱਚਿਆਂ ਦੇ ਖ਼ਾਤਿਆਂ ਵਿੱਚ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਵਿੱਚ ਹਾਲ ਹੀ ਵਿੱਚ ਹੋਈ ਪੁਲਿਸ ਭਰਤੀ ਦੌਰਾਨ ਸਮਾਜ ਦੇ 604 ਬੱਚਿਆਂ ਦੀ ਹਰਿਆਣਾ ਪੁਲਿਸ ਵਿੱਚ ਚੋਣ ਹੋਈ ਹੈ। ਸਮਾਜ ਦੇ ਬੱਚੇ ਅੱਗੇ ਵਧ ਰਹੇ ਹਨ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।

ਅਨੁਸੂਚਿਤ ਜਾਤੀਆਂ ਅਤੇ ਸਫ਼ਾਈ ਕਰਮਚਾਰੀਆਂ ਦੇ ਭਲਾਈ ਲਈ ਕਮਿਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਹਰਿਆਣਾ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਰਕਾਰ ਸਮਾਜ ਦੇ ਸਤਿਕਾਰ, ਸਵੈ-ਮਾਣ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾ ਰਹੀ ਹੈ।

ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮਕਾਨ ਉਪਲਬਧ ਕਰਵਾਉਣ ਦਾ ਕੰਮ ਕੀਤਾ ਜਾ ਰਹਾ ਹੈ। ਜਿਨ੍ਹਾਂ ਪਰਿਵਾਰਾਂ ਕੋਲ ਮਕਾਨ ਬਣਾਉਣ ਲਈ ਥਾਂ ਨਹੀਂ ਹੈ, ਉਹਨਾਂ ਨੂੰ ਪਲਾਟ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਵੀ ਸਰਕਾਰ ਨੇ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਗਰੀਬ ਅਤੇ ਲੋੜਵੰਦ ਵਿਅਕਤੀ ਦਾ ਸਤਿਕਾਰ, ਸਵੈ-ਮਾਣ ਅਤੇ ਉਸ ਦੀ ਸਮਰੱਥਾ ਸਰਕਾਰ ਦੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਹੈ।

ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਮਿਟਾਉਣ ਦਾ ਲਓ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ‘ਤੇ ਸਾਰਿਆਂ ਨੂੰ ਜਾਤ-ਪਾਤ ਅਤੇ ਊਚ-ਨੀਚ ਦੇ ਹਰ ਵਿਤਕਰੇ ਨੂੰ ਮਿਟਾਉਣ ਅਤੇ ਸਮਾਜਿਕ ਸਦਭਾਵਨਾ ਦੇ ਧਾਗੇ ਵਿੱਚ ਬੱਝ ਕੇ ਹਰਿਆਣਾ ਨੂੰ ਵਿਕਸਿਤ ਭਾਰਤ ਦਾ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਹਰਿਆਣਾ ਦੇ ਤਿੰਨ ਕਰੋੜ ਲੋਕਾਂ ਨੇ ਮਿਲ ਕੇ ਸੂਬੇ ਦੇ ਵਿਕਾਸ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨਾ ਹੈ। ਮਹਾਰਿਸ਼ੀ ਵਾਲਮੀਕਿ ਜੀ ਪ੍ਰਤੀ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।

ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਸਦਭਾਵਨਾ ਅਤੇ ਨੇਕੀ ਦਾ ਰਾਹ ਵਿਖਾਉਂਦੀਆਂ ਹਨ : ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ
ਕਰਮਚਾਰੀਆਂ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਪੰਚਾਇਤ ਅਤੇ ਵਿਕਾਸ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਸਮਾਜ ਨੂੰ ਸਿੱਖਿਆ, ਸੱਚ, ਚੰਗੇ ਕਰਮਾਂ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰੀਆਂ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਸੰਤ-ਮਹਾਪੁਰਖਾਂ ਦੀਆਂ ਜਯੰਤੀਆਂ ਰਾਜ ਪੱਧਰ ‘ਤੇ ਮਨਾ ਕੇ ਉਹਨਾਂ ਨੂੰ ਮਾਣ-ਸਤਿਕਾਰ ਦੇ ਰਹੇ ਹਨ।

ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਡਾ. ਭੀਮਰਾਓ ਅੰਬੇਡਕਰ ਜੀ ਦਾ ਸੰਦੇਸ਼ ਸੀ ਕਿ ਪੜ੍ਹ-ਲਿਖ ਕੇ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਧੀਆਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਧੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ। ਉਹਨਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਵਿਧਾਇਕ ਸ਼੍ਰੀ ਕਪੂਰ ਸਿੰਘ ਵਾਲਮੀਕਿ, ਮੇਅਰ ਸ਼੍ਰੀ ਸ਼ਿਆਮ ਲਾਲ ਬਾਂਸਲ, ਸਾਬਕਾ ਮੰਤਰੀ ਸ਼੍ਰੀ ਵਿਸ਼ੰਬਰ ਵਾਲਮੀਕਿ, ਸਫ਼ਾਈ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਈਸ਼ਵਰ ਸਿੰਘ ਪਲਾਕਾ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਫ਼ਾਈ ਕਮਿਸ਼ਨ ਦੇ ਮੈਂਬਰ ਸ਼੍ਰੀ ਸੰਜੀਵ ਧਾਰੂ, ਸ਼੍ਰੀ ਚੰਦਰਪ੍ਰਕਾਸ਼ ਬੋਸਤੀ, ਕੌਂਸਲਰ ਮਨੀਸ਼ਾ ਜਾਂਗੜਾ, ਸ਼੍ਰੀ ਅਮਰਨਾਥ ਸੋਦਾ, ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਮਿੱਤਲ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments