ਹਰਿਆਣਾ : ਡਿਪਟੀ ਕਮਿਸ਼ਨਰ ਡਾ. ਆਨੰਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਧੀਆਂ ਦੇ ਵਿਆਹ ਵਿੱਚ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਹ ਯੋਜਨਾ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਸ਼ਕਤ ਬਣਾਉਣ ਅਤੇ ਧੀਆਂ ਦੇ ਵਿਆਹ ਲਈ ਉਤਸ਼ਾਹਿਤ ਕਰਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀਆਂ, ਵਿਮੁਕਤ ਜਾਤੀਆਂ ਅਤੇ ਟਪਰੀਵਾਸ ਭਾਈਚਾਰੇ ਦੇ ਯੋਗ ਪਰਿਵਾਰਾਂ ਨੂੰ ਵਿਆਹ ਦੇ ਮੌਕੇ ’ਤੇ 71 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਪਿਛੜੇ ਵਰਗ ਦੇ ਪਰਿਵਾਰਾਂ ਨੂੰ ਵਿਆਹ ਦੇ ਮੌਕੇ ’ਤੇ ਕੰਨਿਆਦਾਨ ਵਜੋਂ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ। ਉੱਥੇ ਹੀ ਵਿਧਵਾ, ਤਲਾਕਸ਼ੁਦਾ, ਅਨਾਥ ਜਾਂ ਬੇਸਹਾਰਾ ਔਰਤਾਂ ਦੇ ਮੁੜ ਵਿਆਹ ’ਤੇ (ਜੇਕਰ ਪਹਿਲੇ ਵਿਆਹ ਸਮੇਂ ਯੋਜਨਾ ਦਾ ਲਾਭ ਨਾ ਲਿਆ ਗਿਆ ਹੋਵੇ) 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜੇਕਰ ਨਵ-ਵਿਆਹਿਆ ਜੋੜਾ ਦਿਵਿਆਂਗ ਹੈ ਤਾਂ ਉਨ੍ਹਾਂ ਨੂੰ ਵੀ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਪਿਛੜੇ ਵਰਗ ਦੇ ਪਰਿਵਾਰਾਂ ਨੂੰ ਆਪਣੀਆਂ ਧੀਆਂ ਦੇ ਵਿਆਹ ਲਈ, ਕਿਸੇ ਵੀ ਵਰਗ ਦੀਆਂ ਮਹਿਲਾ ਖਿਡਾਰੀਆਂ ਨੂੰ ਉਨ੍ਹਾਂ ਦੇ ਆਪਣੇ ਵਿਆਹ ਲਈ ਅਤੇ ਅਜਿਹੇ ਦਿਵਿਆਂਗ ਜੋੜਿਆਂ ਨੂੰ, ਜਿਨ੍ਹਾਂ ਵਿੱਚ ਪਤੀ ਜਾਂ ਪਤਨੀ ਵਿੱਚੋਂ ਕੋਈ ਇੱਕ ਵੀ ਦਿਵਿਆਂਗ ਹੋਵੇ, ਹੁਣ 51 ਹਜ਼ਾਰ ਰੁਪਏ ਦੀ ਰਾਸ਼ੀ ਕੰਨਿਆਦਾਨ ਵਜੋਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਯੋਜਨਾ ਦਾ ਲਾਭ ਲੈਣ ਲਈ ਵਿਆਹ ਦੇ 6 ਮਹੀਨਿਆਂ ਦੇ ਅੰਦਰ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਯੋਜਨਾ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਅਤੇ ਸੁਖਾਲਾ ਬਣਾਇਆ ਗਿਆ ਹੈ, ਤਾਂ ਜੋ ਯੋਗ ਵਿਅਕਤੀ ਆਸਾਨੀ ਨਾਲ ਇਸ ਦਾ ਲਾਭ ਲੈ ਸਕਣ। ਬਿਨੈਕਾਰ http://shadi.edisha.gov.in/ ਪੋਰਟਲ ’ਤੇ ਜਾ ਕੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ।






