ਮੁਕਤਸਰ ਸਾਹਿਬ : ਲੋਕ ਸਭਾ ਚੋਣਾਂ (Lok Sabha elections) ਤੋਂ ਪਹਿਲਾਂ ਪੰਜਾਬ ‘ਚ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਵੱਡੀ ਮਾਤਰਾ ‘ਚ ਲਾਹਣ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕਬਰਵਾਲਾ ਦੇ ਪਿੰਡ ਕੱਟਿਆਂਵਾਲੀ ਦੇ ਖੇਤਰ ਵਿੱਚੋਂ ਲੰਘਦੀ ਅਬੋਹਰ ਨਹਿਰ ’ਤੇ ਜ਼ਿਲ੍ਹਾ ਫਾਜ਼ਿਲਕਾ (Fazilka) ਅਤੇ ਮੁਕਤਸਰ ਸਾਹਿਬ (Muktsar Sahib) ਦੇ ਆਬਕਾਰੀ ਵਿਭਾਗ ਵੱਲੋਂ ਸਬ ਡਵੀਜ਼ਨ ਲੰਬੀ ਦੀ ਪੁਲਿਸ ਦੇ ਸਹਿਯੋਗ ਨਾਲ ਇੱਕ ਸਾਂਝੀ ਕਾਰਵਾਈ ਕੀਤੀ ਗਈ।
ਇਸ ਦੌਰਾਨ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 15 ਹਜ਼ਾਰ ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ, ਜਦਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਮੌਕੇ ਆਬਕਾਰੀ ਵਿਭਾਗ ਫਰੀਦਕੋਟ ਦੇ ਏ.ਈ.ਟੀ.ਸੀ ਵਿਕਰਮ ਠਾਕਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੂਸਰੀ ਡਿਵੀਜ਼ਨ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਰੇਂਜ ਵੱਲੋਂ ਨਾਜਾਇਜ਼ ਸ਼ਰਾਬ ਨੂੰ ਰੋਕਣ ਦੇ ਮਕਸਦ ਨਾਲ ਉਪਰੋਕਤ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਕੰਢੇ ਕੁਝ ਵਿਅਕਤੀ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਚੱਲ ਰਹੀ ਤਲਾਸ਼ੀ ਦੌਰਾਨ ਹੁਣ ਤੱਕ 12 ਤਰਪਾਲਾਂ ਸਮੇਤ ਕਰੀਬ 15 ਹਜ਼ਾਰ ਕੱਚੀਆਂ ਲਾਹਣੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਦੂਜੇ ਪਾਸੇ ਸਬ ਡਵੀਜ਼ਨ ਲੰਬੀ ਦੇ ਉਪ ਕਪਤਾਨ ਫਤਿਹ ਸਿੰਘ ਨੇ ਕਿਹਾ ਕਿ ਫੜੇ ਗਏ ਲਾਹਣ ਦੇ ਮਾਲਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।