HomePunjabਕੈਨੇਡਾ ਦੇ ਸਰੀ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਕਾਰ 'ਚ ਬੈਠੇ ਪੰਜਾਬੀ...

ਕੈਨੇਡਾ ਦੇ ਸਰੀ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਕਾਰ ‘ਚ ਬੈਠੇ ਪੰਜਾਬੀ ਨੌਜਵਾਨ ਤੇ ਗਰਲਫ੍ਰੈਂਡ ਦੀ ਹੱਤਿਆ

ਕੈਨੇਡਾ: ਕੈਨੇਡਾ ਦੇ ਸਰੀ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵਾਲਮਾਰਟ ਸਟੋਰ ਦੀ ਪਾਰਕਿੰਗ ਵਿੱਚ ਕਾਰ ਅੰਦਰ ਬੈਠੇ ਪੰਜਾਬੀ ਮੂਲ ਦੇ 23 ਸਾਲਾ ਨੌਜਵਾਨ ਅਤੇ ਉਸ ਦੀ 24 ਸਾਲਾ ਗਰਲਫ੍ਰੈਂਡ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਲਾਲ ਰੰਗ ਦੀ ਫੋਰਡ ਮਸਟੈਂਗ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਫਾਇਰਿੰਗ ਕੀਤੀ।

ਮੁੱਢਲੀ ਜਾਂਚ ਦੌਰਾਨ ਇਸ ਘਟਨਾ ਨੂੰ ਯੋਜਨਾਬੱਧ ਹਮਲਾ ਮੰਨਿਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪਿੱਛੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਦਾ ਹੱਥ ਹੋ ਸਕਦਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਸ ਨੂੰ ਗੈਂਗਵਾਰ ਜਾਂ ਗੈਂਗਸਟਰ ਕਤਲ ਕਰਾਰ ਨਹੀਂ ਦਿੱਤਾ।

ਬ੍ਰਿਟਿਸ਼ ਕੋਲੰਬੀਆ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੀ ਸਾਰਜੈਂਟ ਫ੍ਰੇਡਾ ਫੋਂਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਇਸ ਜੋੜੇ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਪਹਿਲਾਂ ਵੀ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਕਾਰਨ ਪੁਲਿਸ ਦੇ ਰਿਕਾਰਡ ਵਿੱਚ ਸੀ।

ਪੁਲਿਸ ਅਨੁਸਾਰ ਗੋਲੀਬਾਰੀ 88 ਐਵੇਨਿਊ ਅਤੇ 124 ਸਟ੍ਰੀਟ ਨੇੜੇ ਵਾਲਮਾਰਟ ਦੀ ਪਾਰਕਿੰਗ ਵਿੱਚ ਹੋਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੈਰਾਮੈਡੀਕਲ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਸਪਤਾਲ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋਵੇਂ ਡੈਲਟਾ ਸ਼ਹਿਰ ਦੇ ਰਹਿਣ ਵਾਲੇ ਸਨ।

ਇਸ ਘਟਨਾ ਤੋਂ ਕਰੀਬ 13 ਮਿੰਟ ਬਾਅਦ, ਰਾਤ 10 ਵੱਜ ਕੇ 51 ਮਿੰਟ ‘ਤੇ ਪ੍ਰਿੰਸਿਜ਼ ਡਰਾਈਵ ਦੇ 9700 ਬਲਾਕ ਵਿੱਚ ਇੱਕ ਸਫ਼ੇਦ ਸੇਡਾਨ ਕਾਰ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਲਈ ਇਸ ਕਾਰ ਦੀ ਵਰਤੋਂ ਕੀਤੀ ਹੋ ਸਕਦੀ ਹੈ ਅਤੇ ਬਾਅਦ ਵਿੱਚ ਸਬੂਤ ਮਿਟਾਉਣ ਦੇ ਇਰਾਦੇ ਨਾਲ ਇਸ ਨੂੰ ਅੱਗ ਲਗਾਈ ਗਈ। ਜਾਂਚ ਅਧਿਕਾਰੀ ਇਸ ਕਾਰ ਅਤੇ ਦੋਹਰੇ ਕਤਲ ਵਿਚਾਲੇ ਸਬੰਧ ਦੀ ਜਾਂਚ ਕਰ ਰਹੇ ਹਨ।

ਘਟਨਾ ਦੇ ਚਸ਼ਮਦੀਦ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਮਦਦ ਕਰਨ ਲਈ ਕਾਰ ਕੋਲ ਪਹੁੰਚੇ ਸਨ। ਉਨ੍ਹਾਂ ਮੁਤਾਬਕ ਦੋਵਾਂ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਨ੍ਹਾਂ ਵਿੱਚ ਜੀਵਨ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਸਨ। ਕਾਰ ਦੇ ਅੰਦਰ ਖ਼ੂਨ ਦੇਖਣ ਤੋਂ ਬਾਅਦ ਉਹ ਪਿੱਛੇ ਹਟ ਗਏ ਅਤੇ ਉਨ੍ਹਾਂ ਨੇ ਘਟਨਾ ਸਥਾਨ ‘ਤੇ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ।

ਉੱਧਰ, ਨੌਜਵਾਨ ਦੇ ਪਿਤਾ ਨੂੰ ਪੁੱਤਰ ਦੀ ਮੌਤ ਦੀ ਖ਼ਬਰ ਉਸ ਸਮੇਂ ਮਿਲੀ, ਜਦੋਂ ਉਹ ਕੈਲਗਰੀ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁੱਤਰ ਹਮਲੇ ਤੋਂ ਕੁਝ ਮਿੰਟ ਪਹਿਲਾਂ ਹੀ ਘਰੋਂ ਬਾਹਰ ਗਿਆ ਸੀ। ਪਰਿਵਾਰ ਨੂੰ ਅਜੇ ਤੱਕ ਸਮਝ ਨਹੀਂ ਆ ਰਿਹਾ ਕਿ ਆਖ਼ਰ ਇਹ ਸਭ ਕਿਵੇਂ ਵਾਪਰਿਆ।

ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ ਅਤੇ ਹੁਣ ਉਹ ਆਖਰੀ ਵਾਰ ਉਸ ਦਾ ਚਿਹਰਾ ਦੇਖਣਾ ਚਾਹੁੰਦੇ ਹਨ। ਪਰਿਵਾਰਕ ਜਾਣਕਾਰੀ ਅਨੁਸਾਰ ਨੌਜਵਾਨ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸ ਦੇ ਪਿੱਛੇ ਇੱਕ ਛੋਟਾ ਭਰਾ ਅਤੇ ਭੈਣ ਹਨ।

ਘਟਨਾ ਤੋਂ ਬਾਅਦ ਵਾਲਮਾਰਟ ਦੀ ਪਾਰਕਿੰਗ ਨੂੰ ਪੁਲਿਸ ਨੇ ਘੇਰਾਬੰਦੀ ਕਰਕੇ ਬੰਦ ਰੱਖਿਆ। ਫੋਰੈਂਸਿਕ ਟੀਮ ਵੱਲੋਂ ਗੋਲੀਆਂ ਨਾਲ ਛਲਣੀ ਹੋਈ ਮਸਟੈਂਗ ਕਾਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਪੁਲਿਸ ਨੇ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਵੀ ਨਹੀਂ ਹੋਈ। ਜਾਂਚ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਵਾਲੇ ਇਲਾਕੇ ਦੀ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ। ਪੁਲਿਸ ਮੁਤਾਬਕ ਫਿਲਹਾਲ ਆਮ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments