ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ (GCMMF) ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੀਆਂ ਕੀਮਤਾਂ 12 ਨਵੰਬਰ ਤੋਂ ਲਾਗੂ ਹੋਣਗੀਆਂ।
ਕੰਪਨੀ ਨੇ ਦੱਸਿਆ ਕਿ ਦੁੱਧ ਉਤਪਾਦਨ ਦੀ ਲਾਗਤ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਵਾਧੇ ਨਾਲ ਦੇਸ਼ ਭਰ ਵਿੱਚ ਅਮੂਲ ਦੁੱਧ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਰੀਬ 4 ਤੋਂ 5 ਫੀਸਦੀ ਤੱਕ ਦਾ ਵਾਧਾ ਹੋਵੇਗਾ।
ਨਵੀਆਂ ਦਰਾਂ ਮੁਤਾਬਕ ਅਮੂਲ ਤਾਜ਼ਾ (ਟੋਂਡ ਦੁੱਧ) ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਲਗਭਗ 3.3 ਫੀਸਦੀ ਬਣਦਾ ਹੈ। ਉੱਥੇ ਹੀ ਅਮੂਲ ਗੋਲਡ (ਫੁੱਲ ਕ੍ਰੀਮ ਦੁੱਧ) ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਲਗਭਗ 5.5 ਫੀਸਦੀ ਹੈ।
ਦੱਸ ਦੇਈਏ ਕਿ ਕੰਪਨੀ ਵੱਲੋਂ ਇਸੇ ਸਾਲ ਮਈ ਮਹੀਨੇ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ। ਹੁਣ ਇੱਕ ਵਾਰ ਫਿਰ ਕੀਮਤਾਂ ਵਧਣ ਨਾਲ ਘਰੇਲੂ ਬਜਟ ‘ਤੇ ਅਸਰ ਪੈਣਾ ਤੈਅ ਹੈ।
ਆਖ਼ਰ ਕੰਪਨੀ ਨੇ ਕਿਉਂ ਵਧਾਈਆਂ ਕੀਮਤਾਂ?
GCMMF ਮੁਤਾਬਕ ਇਸ ਸਾਲ ਪਸ਼ੂਆਂ ਦੇ ਹਰੇ ਅਤੇ ਸੁੱਕੇ ਚਾਰੇ, ਖਲ, ਮੱਕੀ ਅਤੇ ਸ਼ੀਰੇ ਵਰਗੀਆਂ ਪਸ਼ੂ ਖੁਰਾਕ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੁੱਧ ਦੀ ਪੈਕਿੰਗ ਲਈ ਵਰਤੀ ਜਾਣ ਵਾਲੀ ਫਿਲਮ ਅਤੇ ਬਾਲਣ ਦੀ ਲਾਗਤ ਵੀ ਵਧੀ ਹੈ।
ਗੁਜਰਾਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਘੱਟ ਅਤੇ ਅਨਿਯਮਿਤ ਬਾਰਿਸ਼ ਕਾਰਨ ਵੀ ਦੁੱਧ ਉਤਪਾਦਨ ਨਾਲ ਜੁੜੀਆਂ ਚੁਣੌਤੀਆਂ ਵਧੀਆਂ ਹਨ। ਇਨ੍ਹਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਕੰਪਨੀ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਕੰਪਨੀ ਨੇ ਇਹ ਵੀ ਦੱਸਿਆ ਕਿ ਅਮੂਲ ਦੀ ਸਹਿਕਾਰੀ ਪ੍ਰਣਾਲੀ ਤਹਿਤ ਖਪਤਕਾਰਾਂ ਤੋਂ ਹੋਣ ਵਾਲੀ ਕਮਾਈ ਦਾ ਲਗਭਗ 80 ਫੀਸਦੀ ਹਿੱਸਾ 36 ਲੱਖ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਂਦਾ ਹੈ। ਪਿਛਲੇ ਇੱਕ ਸਾਲ ਦੌਰਾਨ ਕਿਸਾਨਾਂ ਤੋਂ ਦੁੱਧ ਖਰੀਦਣ ਦੀਆਂ ਕੀਮਤਾਂ ਵਿੱਚ ਵੀ 4 ਤੋਂ 5 ਫੀਸਦੀ ਵਾਧਾ ਕੀਤਾ ਗਿਆ ਹੈ। ਕੰਪਨੀ ਅਨੁਸਾਰ ਨਵੇਂ ਵਾਧੇ ਦਾ ਵੱਡਾ ਹਿੱਸਾ ਦੁੱਧ ਉਤਪਾਦਕਾਂ ਤੱਕ ਪਹੁੰਚੇਗਾ।






