ਤਰਨ ਤਾਰਨ : ਪੰਜਾਬ ‘ਚ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਸਤੰਬਰ 2024 ਵਿੱਚ ਹੋਏ ਬਦਨਾਮ ਸਰਪੰਚ ਕਤਲ ਕੇਸ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਆਪਣੇ ‘ਐਕਸ’ ਹੈਂਡਲ ਰਾਹੀਂ ਕੀਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਖਬੀਰ ਸਿੰਘ ਵਜੋਂ ਹੋਈ ਹੈ, ਜੋ ਪਹਿਲਾਂ ਹੀ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਪੁਲਿਸ ਰਿਕਾਰਡ ਅਨੁਸਾਰ ਸੁਖਬੀਰ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ, ਨਾਜਾਇਜ਼ ਹਥਿਆਰ ਰੱਖਣ ਅਤੇ ਖੋਹਣ ਦੇ ਕਈ ਮਾਮਲੇ ਦਰਜ ਹਨ।
ਸੁਖਬੀਰ ਸਿੰਘ ‘ਤੇ ਤਰਨ ਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣਾ ਖੇਤਰ ਵਿੱਚ ਸਰਪੰਚ ਬਚਿੱਤਰ ਸਿੰਘ ਉਰਫ ਬਿੱਕਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਹੈ। ਇਹ ਕਤਲ ਇਲਾਕੇ ਵਿਚ ਇਕ ਸਨਸਨੀਖੇਜ਼ ਘਟਨਾ ਸੀ, ਜਿਸ ਨੇ ਨਾ ਸਿਰਫ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਬਲਕਿ ਪੰਜਾਬ ਪੁਲਿਸ ਨੂੰ ਵੀ ਹਾਈ ਅਲਰਟ ‘ਤੇ ਰੱਖ ਦਿੱਤਾ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਗ੍ਰਿਫ਼ਤਾਰੀ ਖੁਫੀਆ ਜਾਣਕਾਰੀ ਅਤੇ ਨਿਰੰਤਰ ਨਿਗਰਾਨੀ ਕਾਰਨ ਸੰਭਵ ਹੋ ਸਕੀ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਹੋਰ ਸਾਥੀਆਂ ਦੀ ਭਾਲ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਹ ਗ੍ਰਿਫ਼ਤਾਰੀ ਖੇਤਰ ਵਿੱਚ ਸਰਗਰਮ ਅਪਰਾਧਿਕ ਗਿਰੋਹਾਂ ‘ਤੇ ਲਗਾਮ ਲਗਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਸਫ਼ਖਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ, ਤਾਂ ਜੋ ਆਮ ਨਾਗਰਿਕਾਂ ਵਿਚ ਸੁਰੱਖਿਆ ਦਾ ਭਰੋਸਾ ਬਣਿਆ ਰਹੇ। ਸਰਪੰਚ ਬਚਿੱਤਰ ਸਿੰਘ ਦੇ ਕਤਲ ਦੇ ਹੋਰ ਪਹਿਲੂਆਂ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਨੂੰ ਜਲਦੀ ਹੀ ਗਿਫ਼ਤਾਰ ਕੀਤੇ ਜਾਣ ਦੀ ਉਮੀਦ ਹੈ।









