HomeNationalਆਂਧਰਾ ਪ੍ਰਦੇਸ਼ ‘ਚ ਚੱਕਰਵਾਤ ‘ਮੁਰਾਸੂ’ ਦਾ ਕਹਿਰ

ਆਂਧਰਾ ਪ੍ਰਦੇਸ਼ ‘ਚ ਚੱਕਰਵਾਤ ‘ਮੁਰਾਸੂ’ ਦਾ ਕਹਿਰ

ਨਵੀਂ ਦਿੱਲੀ: ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤੀ ਤੂਫ਼ਾਨ ‘ਮੁਰਾਸੂ’ ਨੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਤੂਫ਼ਾਨ ਨੇ ਅੱਜ ਸਵੇਰੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕੀਤਾ। ਇਸ ਦੌਰਾਨ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਦਕਿ ਹਵਾ ਦੇ ਤੇਜ਼ ਝੱਖੜ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚੇ। ਤੂਫ਼ਾਨ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

ਨੇੱਲੋਰ ਅਤੇ ਨਰਸਾਪੁਰ ਵਿਚਕਾਰ ਤੱਟ ਪਾਰ ਕਰ ਗਿਆ ਤੂਫ਼ਾਨ

ਮੌਸਮ ਵਿਭਾਗ ਅਨੁਸਾਰ, ਚੱਕਰਵਾਤ ‘ਮੁਰਾਸੂ’ ਨੇ ਓਂਗੋਲ ਦੇ ਨੇੜੇ ਨੇੱਲੋਰ ਅਤੇ ਨਰਸਾਪੁਰ ਵਿਚਕਾਰ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕੀਤਾ। ਇਸ ਦੌਰਾਨ ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਮੀਂਹ ਵੀ ਪਿਆ। ਤੂਫ਼ਾਨ ਦਾ ਅਸਰ ਹੌਲੀ-ਹੌਲੀ ਅੰਦਰੂਨੀ ਇਲਾਕਿਆਂ ਤੱਕ ਪਹੁੰਚਿਆ ਹੈ।

ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਦਸ਼ਾ

IMD ਨੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਸਮੁੰਦਰ ਵਿੱਚ ਆਮ ਜਵਾਰ ਦੇ ਪੱਧਰ ਤੋਂ 1 ਤੋਂ 1.5 ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਬਾਪਟਲਾ, ਕ੍ਰਿਸ਼ਨਾ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਵਿੱਚ ਸਮੁੰਦਰੀ ਲਹਿਰਾਂ ਦਾ ਵਧੇਰੇ ਅਸਰ ਪੈਣ ਦੀ ਸੰਭਾਵਨਾ ਦੱਸੀ ਗਈ ਹੈ।

ਆਂਧਰਾ ਪ੍ਰਦੇਸ਼ ਵਿੱਚ 19 ਉਡਾਣਾਂ ਰੱਦ

ਚੱਕਰਵਾਤ ਦੇ ਪ੍ਰਭਾਵ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਵਿਜੇਵਾੜਾ, ਵਿਸ਼ਾਖਾਪਟਨਮ ਅਤੇ ਤਿਰੂਪਤੀ ਹਵਾਈ ਅੱਡਿਆਂ ਤੋਂ ਘੱਟੋ-ਘੱਟ 19 ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ, ਵਿਜੇਵਾੜਾ ਹਵਾਈ ਅੱਡੇ ਤੋਂ ਇੰਡੀਗੋ ਦੀਆਂ 10 ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ 2 ਉਡਾਣਾਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ ਵਿਸ਼ਾਖਾਪਟਨਮ ਤੋਂ 4 ਅਤੇ ਤਿਰੂਪਤੀ ਤੋਂ 3 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਰੇਲ ਆਵਾਜਾਈ ‘ਤੇ ਵੀ ਤੂਫ਼ਾਨ ਦਾ ਅਸਰ ਪਿਆ ਹੈ ਅਤੇ ਕੁਝ ਟਰੇਨਾਂ ਰੱਦ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੀਤਾ ਅਲਰਟ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਤੱਟਵਰਤੀ ਇਲਾਕਿਆਂ ਅਤੇ ਰਾਇਲਸੀਮਾ ਖੇਤਰ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।

ਸੂਬੇ ਦੇ ਊਰਜਾ ਵਿਭਾਗ ਨੇ ਵੀ ਬਿਜਲੀ ਕੰਪਨੀਆਂ ਨੂੰ ਅਲਰਟ ‘ਤੇ ਰੱਖਿਆ ਹੈ। ਅਧਿਕਾਰੀਆਂ ਨੂੰ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਸਪਲਾਈ ਬਹਾਲ ਰੱਖਣ ਲਈ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਤਾਮਿਲਨਾਡੂ ਅਤੇ ਹੋਰ ਸੂਬਿਆਂ ਵਿੱਚ ਵੀ ਮੀਂਹ ਦਾ ਅਲਰਟ

ਚੱਕਰਵਾਤ ‘ਮੁਰਾਸੂ’ ਦੇ ਪ੍ਰਭਾਵ ਕਾਰਨ ਆਂਧਰਾ ਪ੍ਰਦੇਸ਼ ਤੋਂ ਇਲਾਵਾ ਤਾਮਿਲਨਾਡੂ, ਓਡੀਸ਼ਾ, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਮੌਸਮ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ‘ਮੁਰਾਸੂ’ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿੱਚ ਚੱਕਰਵਾਤ ‘ਅਰਨਬ’ ਨੇ ਵੀ ਤਬਾਹੀ ਮਚਾਈ ਸੀ। ਇਸ ਕਾਰਨ ਕਈ ਇਲਾਕਿਆਂ ਵਿੱਚ ਨੁਕਸਾਨ ਹੋਇਆ ਸੀ। ਇਸ ਲਈ ਨਵੇਂ ਤੂਫ਼ਾਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਸਾਵਧਾਨੀ ਵਰਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments