HomeNational2027 ਚੋਣਾਂ ਦੀ ਤਿਆਰੀ ਤੇਜ਼, AAP ਜਾਰੀ ਕਰੇਗੀ ਪਹਿਲੀ ਲਿਸਟ

2027 ਚੋਣਾਂ ਦੀ ਤਿਆਰੀ ਤੇਜ਼, AAP ਜਾਰੀ ਕਰੇਗੀ ਪਹਿਲੀ ਲਿਸਟ

ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਹੈ ਕਿ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ 31 ਅਕਤੂਬਰ ਨੂੰ ਦੁਪਹਿਰ 12 ਵਜੇ ਜਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਮੁਤਾਬਕ, ਉਮੀਦਵਾਰਾਂ ਦੀ ਚੋਣ ਸਬੰਧੀ ਦਿੱਲੀ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਹ ਖੁਦ ਸ਼ਾਮਲ ਹੋਏ। ਇਸ ਤੋਂ ਇਲਾਵਾ 31 ਅਕਤੂਬਰ ਨੂੰ ਵੀ ਦਿੱਲੀ ਵਿੱਚ ਇੱਕ ਹੋਰ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਦੀ ਪਹਿਲੀ ਸੂਚੀ ਵਿੱਚ 15 ਤੋਂ 20 ਉਮੀਦਵਾਰਾਂ ਦੇ ਨਾਮ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਪਾਰਟੀ ਵੱਲੋਂ ਅਜੇ ਤੱਕ ਨਾਮਾਂ ਦੀ ਗਿਣਤੀ ਜਾਂ ਉਮੀਦਵਾਰਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਸੂਤਰਾਂ ਦੇ ਹਵਾਲੇ ਨਾਲ ਕੁਝ ਮੌਜੂਦਾ ਵਿਧਾਇਕਾਂ ਦੇ ਨਾਮ ਵੀ ਚਰਚਾ ਵਿੱਚ ਹਨ। ਇਨ੍ਹਾਂ ਵਿੱਚ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ, ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਰੋੜੀ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ਨਾਮਾਂ ’ਤੇ ਅੰਤਿਮ ਮੋਹਰ ਲੱਗਣੀ ਅਜੇ ਬਾਕੀ ਹੈ।

ਪਾਰਟੀ ਦੀ ਰਣਨੀਤੀ ਬਾਰੇ ਇਹ ਵੀ ਚਰਚਾ ਹੈ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਉਮੀਦਵਾਰਾਂ ਦੇ ਨਾਮ ਸਾਹਮਣੇ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਨਾਲ ਸੰਭਾਵੀ ਉਮੀਦਵਾਰਾਂ ਨੂੰ ਆਪਣੇ ਹਲਕਿਆਂ ਵਿੱਚ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਵਧੇਰੇ ਸਮਾਂ ਮਿਲ ਸਕੇਗਾ।

ਸੂਤਰਾਂ ਮੁਤਾਬਕ, ਪਾਰਟੀ ਵੱਲੋਂ 30 ਤੋਂ 40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਬਦਲਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਪਹਿਲੀ ਸੂਚੀ ਵਿੱਚ ਉਨ੍ਹਾਂ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਨ੍ਹਾਂ ਦੇ ਨਾਮਾਂ ’ਤੇ ਪਾਰਟੀ ਅੰਦਰ ਵਿਰੋਧ ਘੱਟ ਹੈ।

ਉਮੀਦਵਾਰਾਂ ਦੀ ਚੋਣ ਸਬੰਧੀ ਅੰਤਿਮ ਫੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਹੁਣ ਸਾਰਿਆਂ ਦੀਆਂ ਨਜ਼ਰਾਂ 31 ਅਕਤੂਬਰ ਨੂੰ ਜਾਰੀ ਹੋਣ ਵਾਲੀ ਪਹਿਲੀ ਸੂਚੀ ’ਤੇ ਟਿਕੀਆਂ ਹੋਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments