ਗੁਰਦਾਸਪੁਰ: ਸਥਾਨਕ ਜੀ.ਟੀ. ਰੋਡ ‘ਤੇ ਸਥਿਤ ਧਰਮੀਨਾਥ ਗੋਸ਼ਾਲਾ ‘ਚ ਬਿਜਲੀ ਦਾ ਕਰੰਟ ਲੱਗਣ ਨਾਲ 9 ਗਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਅੱਜ ਸਵੇਰੇ ਉਦੋਂ ਲੱਗਾ ਜਦੋਂ ਗਊਸ਼ਾਲਾ ਦੀ ਦੇਖ-ਰੇਖ ਕਰ ਰਿਹਾ ਵਿਅਕਤੀ ਉਥੇ ਪਹੁੰਚਿਆ। ਉਸ ਨੇ ਦੇਖਿਆ ਕਿ 9 ਗਾਵਾਂ ਮਰੀਆਂ ਪਈਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਿਲੀਆਂ ਸਾਰੀਆਂ ਗਾਵਾਂ ਗਊ ਸ਼ੈੱਡ ਵਿੱਚ ਬੰਨ੍ਹੀਆਂ ਹੋਈਆਂ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਬਿਜਲੀ ਦੇ ਝਟਕੇ ਕਾਰਨ ਹੋਈ ਹੈ। ਹਾਲਾਂਕਿ ਕੁਝ ਲੋਕ ਇਸ ਘਟਨਾ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਸ਼ੱਕ ਵੀ ਜਤਾ ਰਹੇ ਹਨ। ਫਿਲਹਾਲ ਗਾਵਾਂ ਦੀ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਧਰਤੀਨਾਥ ਗੋਸ਼ਾਲਾ ਵਿੱਚ 150 ਤੋਂ ਵੱਧ ਗਾਵਾਂ ਹਨ। ਇੱਕੋ ਸਮੇਂ 9 ਗਾਵਾਂ ਦੀ ਮੌਤ ਹੋਣ ਕਾਰਨ ਗਊਸ਼ਾਲਾ ਵਿੱਚ ਚਿੰਤਾ ਦਾ ਮਾਹੌਲ ਹੈ। ਘਟਨਾ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।








