Home Rajasthan ਪੰਜਾਬ ਤੋਂ ਰਾਜਸਥਾਨ ਨਸ਼ਾ ਸਪਲਾਈ ਕਰਨ ਜਾ ਰਹੇ 3 ਮੁਲਜ਼ਮ ਕਾਬੂ

ਪੰਜਾਬ ਤੋਂ ਰਾਜਸਥਾਨ ਨਸ਼ਾ ਸਪਲਾਈ ਕਰਨ ਜਾ ਰਹੇ 3 ਮੁਲਜ਼ਮ ਕਾਬੂ

0

ਸ੍ਰੀਗੰਗਾਨਗਰ: ਪੰਜਾਬ ਤੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਨਸ਼ੇ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਤਸਕਰੀ ਲਈ ਵਰਤੀ ਜਾ ਰਹੀ ਮੋਟਰਸਾਈਕਲ ਵੀ ਜ਼ਬਤ ਕਰ ਲਈ ਗਈ ਹੈ।

ਥਾਣਾ ਹਿੰਦੂਮਲਕੋਟ ਦੀ ਪੁਲਿਸ ਅਨੁਸਾਰ, ਦੇਰ ਰਾਤ ਪੁਲਿਸ ਟੀਮ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਐੱਮਐੱਲ ਨਹਿਰ ਦੀ ਪਟੜੀ ’ਤੇ ਪਿੰਡ ਕੋਠਾ ਦੇ ਪੁਲ ਨੇੜੇ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਜਾਂਚ ਦੌਰਾਨ ਉਨ੍ਹਾਂ ਕੋਲੋਂ ਇੱਕ ਕਿਲੋ ਹੈਰੋਇਨ ਮਿਲੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਚੈਨ ਸਿੰਘ ਉਰਫ਼ ਪੰਮਾ (34), ਗੁਰਜੰਟ ਸਿੰਘ ਉਰਫ਼ ਜੰਤਾ (24) ਅਤੇ ਸ਼ੀਲਾ ਬਾਈ (45) ਵਜੋਂ ਹੋਈ ਹੈ। ਸੁਖਚੈਨ ਅਤੇ ਗੁਰਜੰਟ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਸ਼ਮਸਾਬਾਦ ਦੇ ਰਹਿਣ ਵਾਲੇ ਹਨ, ਜਦਕਿ ਸ਼ੀਲਾ ਬਾਈ ਪੰਜਾਬ ਦੇ ਪਿੰਡ ਬਕੇਨਵਾਲਾ ਦੀ ਵਸਨੀਕ ਹੈ।

ਪੁਲਿਸ ਦਾ ਦਾਅਵਾ: ਡਰੋਨ ਰਾਹੀਂ ਪੰਜਾਬ ’ਚ ਸੁੱਟੀ ਗਈ ਸੀ ਹੈਰੋਇਨ ਦੀ ਖੇਪ

ਪੁਲਿਸ ਦੇ ਦਾਅਵੇ ਮੁਤਾਬਕ, ਮੁਲਜ਼ਮ ਸੁਖਚੈਨ ਸਿੰਘ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿੱਚ ਸੀ। ਜਾਂਚ ਏਜੰਸੀ ਅਨੁਸਾਰ, ਹੈਰੋਇਨ ਦੀ ਇਹ ਖੇਪ ਪਾਕਿਸਤਾਨੀ ਡਰੋਨ ਰਾਹੀਂ ਪੰਜਾਬ ਵਿੱਚ ਸੁੱਟੀ ਗਈ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਇੱਕ ਵਿਅਕਤੀ ਨੇ ਸੁਖਚੈਨ ਨੂੰ ਇਹ ਖੇਪ ਅੱਗੇ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ।

ਪੁਲਿਸ ਮੁਤਾਬਕ, ਸੁਖਚੈਨ ਆਪਣੇ ਸਾਥੀਆਂ ਗੁਰਜੰਟ ਸਿੰਘ ਅਤੇ ਸ਼ੀਲਾ ਬਾਈ ਨਾਲ ਫਾਜ਼ਿਲਕਾ ਤੋਂ ਸ੍ਰੀਗੰਗਾਨਗਰ ਲਈ ਰਵਾਨਾ ਹੋਇਆ ਸੀ। ਯੋਜਨਾ ਅਨੁਸਾਰ, ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਮੋਬਾਈਲ ਫ਼ੋਨ ਰਾਹੀਂ ਖੇਪ ਪਹੁੰਚਾਉਣ ਦੀ ਜਗ੍ਹਾ ਦੱਸੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ।

ਸ੍ਰੀਗੰਗਾਨਗਰ ’ਚ ਖੇਪ ਕਿਸ ਨੂੰ ਮਿਲਣੀ ਸੀ? ਪੁਲਿਸ ਕਰ ਰਹੀ ਜਾਂਚ

ਜ਼ਿਲ੍ਹਾ ਪੁਲਿਸ ਮੁਖੀ ਹਰੀ ਸ਼ੰਕਰ ਨੇ ਦੱਸਿਆ ਕਿ ਇਹ ਕਾਰਵਾਈ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੀਤੀ ਗਈ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ੍ਰੀਗੰਗਾਨਗਰ ਵਿੱਚ ਹੈਰੋਇਨ ਦੀ ਇਹ ਖੇਪ ਕਿਸ ਵਿਅਕਤੀ ਤੱਕ ਪਹੁੰਚਾਈ ਜਾਣੀ ਸੀ ਅਤੇ ਇਸ ਮਾਮਲੇ ਵਿੱਚ ਸਥਾਨਕ ਪੱਧਰ ’ਤੇ ਕੌਣ-ਕੌਣ ਸ਼ਾਮਲ ਹੈ।

ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹਿੰਦੂਮਲਕੋਟ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਚੂਨਾਵੜ ਥਾਣੇ ਦੇ ਇੰਚਾਰਜ ਸੰਜੇ ਸਿੰਘ ਨੂੰ ਸੌਂਪੀ ਗਈ ਹੈ।

ਟੋਂਕ ’ਚ ਵੀ 3 ਕਰੋੜ ਦੀ ਸਮੈਕ ਬਰਾਮਦ, ਨੌਜਵਾਨ ਗ੍ਰਿਫ਼ਤਾਰ

ਇਸੇ ਦੌਰਾਨ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਵੀ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 1 ਕਿਲੋ 475 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਇਸ ਦੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਡੀ.ਐੱਸ.ਟੀ ਅਤੇ ਘਾੜ ਥਾਣਾ ਪੁਲਿਸ ਨੇ ਸਰੋਲੀ ਦੇ ਬੰਥਲੀ ਮਾਰਗ ’ਤੇ ਇਹ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਝਾਲਾਵਾੜ ਦੇ ਰਹਿਣ ਵਾਲੇ 20 ਸਾਲਾ ਰਮੇਸ਼ ਤੰਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਮੁਤਾਬਕ, ਮੁਲਜ਼ਮ ਬੱਸ ਰਾਹੀਂ ਟੋਂਕ ਵੱਲ ਜਾ ਰਿਹਾ ਸੀ। ਪੁਲਿਸ ਕਾਰਵਾਈ ਦੀ ਭਿਣਕ ਲੱਗਣ ’ਤੇ ਉਹ ਸਰੋਲੀ ਬੱਸ ਸਟੈਂਡ ਤੋਂ ਪਹਿਲਾਂ ਹੀ ਹੇਠਾਂ ਉਤਰ ਗਿਆ। ਪੁਲਿਸ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਟੀਮ ਨੇ ਉਸ ਨੂੰ ਕਾਬੂ ਕਰ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version