ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ ਪਲੇਟਫਾਰਮਜ਼ ਨੇ ਅੱਜ ਸ਼ੇਅਰ ਬਾਜ਼ਾਰ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਲਿਸਟਿੰਗ ਦੇ ਨਾਲ ਹੀ ਕੰਪਨੀ ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਸੂਚੀਬੱਧ ਕੰਪਨੀ ਬਣ ਗਈ। ਜਿਓ ਪਲੇਟਫਾਰਮਜ਼ ਦਾ ਬਾਜ਼ਾਰ ਪੂੰਜੀਕਰਨ ਵਧ ਕੇ ਲਗਭਗ 12.50 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਮਾਮਲੇ ਵਿੱਚ ਹੁਣ ਇਸ ਤੋਂ ਅੱਗੇ ਸਿਰਫ਼ ਇਸ ਦੀ ਪੇਰੈਂਟ ਕੰਪਨੀ ਰਿਲਾਇੰਸ ਇੰਡਸਟਰੀਜ਼ ਹੈ, ਜਿਸ ਦਾ ਮਾਰਕੀਟ ਕੈਪ ਲਗਭਗ 15.95 ਲੱਖ ਕਰੋੜ ਰੁਪਏ ਹੈ।
ਜਿਓ ਪਲੇਟਫਾਰਮਜ਼ ਦਾ ਸ਼ੇਅਰ ਆਪਣੇ ਇਸ਼ੂ ਪ੍ਰਾਈਸ 1,119 ਰੁਪਏ ਦੇ ਮੁਕਾਬਲੇ ਲਗਭਗ 21.36% ਦੇ ਪ੍ਰੀਮੀਅਮ ‘ਤੇ ਲਿਸਟ ਹੋਇਆ। ਸ਼ੇਅਰ ਨੇ ਬਾਜ਼ਾਰ ਵਿੱਚ 1,359 ਰੁਪਏ ਦੇ ਪੱਧਰ ‘ਤੇ ਸ਼ੁਰੂਆਤ ਕੀਤੀ। ਦੇਸ਼ ਦੇ ਸਭ ਤੋਂ ਵੱਡੇ ਆਈ.ਪੀ.ਓ. ਵਜੋਂ ਪੇਸ਼ ਕੀਤੇ ਗਏ ਇਸ ਇਸ਼ੂ ਨੂੰ ਨਿਵੇਸ਼ਕਾਂ ਦਾ ਜ਼ਬਰਦਸਤ ਸਮਰਥਨ ਮਿ ਲਿਆ ਸੀ। ਆਈ.ਪੀ.ਓ. ਖੁੱਲ੍ਹਣ ਦੇ ਸਿਰਫ਼ 100 ਮਿੰਟਾਂ ਦੇ ਅੰਦਰ ਹੀ ਇਹ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ ਸੀ।
ਜਿਓ ਨੇ ਇਨ੍ਹਾਂ ਦਿੱਗਜ ਕੰਪਨੀਆਂ ਨੂੰ ਪਛਾੜਿਆ
ਸ਼ਾਨਦਾਰ ਲਿਸਟਿੰਗ ਤੋਂ ਬਾਅਦ ਜਿਓ ਪਲੇਟਫਾਰਮਜ਼ ਨੇ ਬਾਜ਼ਾਰ ਪੂੰਜੀਕਰਨ ਦੇ ਮਾਮਲੇ ਵਿੱਚ ਕਈ ਵੱਡੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ। ਭਾਰਤੀ ਏਅਰਟੈੱਲ ਲਗਭਗ 11.80 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨਾਲ ਤੀਜੇ ਸਥਾਨ ‘ਤੇ ਆ ਗਈ। ਉੱਥੇ ਹੀ, ਐੱਚ.ਡੀ.ਐੱਫ.ਸੀ. ਬੈਂਕ ਲਗਭਗ 10.40 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨਾਲ ਚੌਥੇ ਨੰਬਰ ‘ਤੇ ਹੈ।
ਦੇਸ਼ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ 9.78 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨਾਲ ਪੰਜਵੇਂ ਸਥਾਨ ‘ਤੇ ਹੈ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਲਗਭਗ 8.77 ਲੱਖ ਕਰੋੜ ਰੁਪਏ ਨਾਲ ਛੇਵੇਂ ਅਤੇ ਟਾਟਾ ਕੰਸਲਟੈਂਸੀ ਸਰਵਿਿਸਜ਼ (ਟੀ.ਸੀ.ਐੱਸ.) 8.76 ਲੱਖ ਕਰੋੜ ਰੁਪਏ ਨਾਲ ਸੱਤਵੇਂ ਸਥਾਨ ‘ਤੇ ਹੈ।
ਦੇਸ਼ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ
ਰਿਲਾਇੰਸ ਇੰਡਸਟਰੀਜ਼: 15.95 ਲੱਖ ਕਰੋੜ ਰੁਪਏ
ਜਿਓ ਪਲੇਟਫਾਰਮਜ਼: 12.50 ਲੱਖ ਕਰੋੜ ਰੁਪਏ
ਭਾਰਤੀ ਏਅਰਟੈੱਲ: 11.80 ਲੱਖ ਕਰੋੜ ਰੁਪਏ
ਐੱਚ.ਡੀ.ਐੱਫ.ਸੀ. ਬੈਂਕ: 10.40 ਲੱਖ ਕਰੋੜ ਰੁਪਏ
ਆਈ.ਸੀ.ਆਈ.ਸੀ.ਆਈ. ਬੈਂਕ: 9.78 ਲੱਖ ਕਰੋੜ ਰੁਪਏ
ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.): 8.77 ਲੱਖ ਕਰੋੜ ਰੁਪਏ
ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.): 8.76 ਲੱਖ ਕਰੋੜ ਰੁਪਏ
ਬਜਾਜ ਫਾਈਨਾਂਸ: 5.61 ਲੱਖ ਕਰੋੜ ਰੁਪਏ
ਲਾਰਸਨ ਐਂਡ ਟੂਬਰੋ: 5.61 ਲੱਖ ਕਰੋੜ ਰੁਪਏ
ਐੱਲ.ਆਈ.ਸੀ.: 4.87 ਲੱਖ ਕਰੋੜ ਰੁਪਏ
