ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਯੋਗ ਜੋੜਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ 1,353 ਜੋੜਿਆਂ ਨੂੰ 4.06 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਯੋਗ ਜੋੜੇ ਨੂੰ 50,000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਸ ਰਕਮ ਵਿੱਚੋਂ 30,000 ਰੁਪਏ ਲਾਭਪਾਤਰੀ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਵਿੱਚ ਸਿੱਧੇ ਜਮ੍ਹਾਂ ਕਰਵਾਏ ਜਾਂਦੇ ਹਨ, ਜਦਕਿ ਬਾਕੀ 20,000 ਰੁਪਏ ਰਾਸ਼ਟਰੀ ਬਚਤ ਸਰਟੀਫਿਕੇਟ (NSC) ਰਾਹੀਂ ਦਿੱਤੇ ਜਾਂਦੇ ਹਨ।
ਜਾਣੋ, ਕੌਣ ਲੈ ਸਕਦਾ ਹੈ ਯੋਜਨਾ ਦਾ ਲਾਭ?
ਡਾ. ਬਲਜੀਤ ਕੌਰ ਅਨੁਸਾਰ, ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹੇ ਜੋੜੇ ਵਿੱਚੋਂ ਇੱਕ ਜੀਵਨ ਸਾਥੀ ਦਾ ਅਨੁਸੂਚਿਤ ਜਾਤੀ (SC) ਨਾਲ ਅਤੇ ਦੂਜੇ ਦਾ ਗੈਰ-ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਜ਼ਰੂਰੀ ਹੈ।
ਯੋਜਨਾ ਲਈ ਉਮਰ ਸਬੰਧੀ ਸ਼ਰਤਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਲਾੜੇ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਲਾੜੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੈ।
ਵਿਆਹ ਤੋਂ ਤਿੰਨ ਸਾਲਾਂ ਅੰਦਰ ਕਰ ਸਕਦੇ ਹੋ ਅਰਜ਼ੀ
ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ, ਯੋਗ ਜੋੜੇ ਵਿਆਹ ਦੀ ਤਰੀਕ ਤੋਂ ਤਿੰਨ ਸਾਲਾਂ ਦੇ ਅੰਦਰ ਇਸ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ। ਇਸ ਯੋਜਨਾ ਦਾ ਉਦੇਸ਼ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਵਿੱਚ ਜਾਤੀ ਆਧਾਰਿਤ ਭੇਦਭਾਵ ਨੂੰ ਘਟਾਉਣ ਲਈ ਯਤਨ ਕਰਨਾ ਹੈ।
