ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਤਹਿਤ ਲਾਭ ਲੈ ਰਹੇ ਕਿਸਾਨਾਂ ਲਈ ਅਹਿਮ ਖ਼ਬਰ ਹੈ। ਯੋਜਨਾ ਦੀ 24ਵੀਂ ਕਿਸ਼ਤ 30 ਅਕਤੂਬਰ 2026 ਨੂੰ ਜਾਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤਹਿਤ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਣਗੇ।
ਕਿਸਾਨਾਂ ਨੂੰ ਮਿਲਣਗੇ 2,000 ਰੁਪਏ
ਪੀਐੱਮ ਕਿਸਾਨ ਯੋਜਨਾ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ, 2,000 ਰੁਪਏ ਪ੍ਰਤੀ ਕਿਸ਼ਤ ਦੇ ਹਿਸਾਬ ਨਾਲ, ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ।
ਹਾਲਾਂਕਿ, ਸਿਰਫ਼ ਰਜਿਸਟ੍ਰੇਸ਼ਨ ਹੋਣ ਨਾਲ ਹਰ ਕਿਸਾਨ ਨੂੰ ਕਿਸ਼ਤ ਮਿਲਣ ਦੀ ਗਾਰੰਟੀ ਨਹੀਂ ਹੁੰਦੀ। ਜੇਕਰ ਕਿਸੇ ਕਿਸਾਨ ਦੀ ਈ-ਕੇਵਾਈਸੀ (e-KYC) ਅਧੂਰੀ ਹੈ ਜਾਂ ਬੈਂਕ ਅਤੇ ਜ਼ਮੀਨ ਦੇ ਰਿਕਾਰਡਾਂ ਵਿੱਚ ਕੋਈ ਗੜਬੜ ਹੈ, ਤਾਂ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ।
ਕਿਸ਼ਤ ਲੈਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ
ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸ਼ਤ ਜਾਰੀ ਹੋਣ ਤੋਂ ਪਹਿਲਾਂ ਆਪਣੀ ਜਾਣਕਾਰੀ ਦੀ ਜਾਂਚ ਕਰ ਲੈਣ।
- e-KYC: ਇਹ ਯਕੀਨੀ ਬਣਾਓ ਕਿ ਤੁਹਾਡੀ ਈ-ਕੇਵਾਈਸੀ ਪੂਰੀ ਹੈ।
- ਬੈਂਕ ਖਾਤਾ: ਜਾਂਚ ਕਰੋ ਕਿ ਖਾਤਾ ਆਧਾਰ ਨਾਲ ਲਿੰਕ ਹੈ ਅਤੇ ਲੋੜੀਂਦੀ ਬੈਂਕ ਤਸਦੀਕ ਪੂਰੀ ਹੈ।
- ਜ਼ਮੀਨ ਦੇ ਰਿਕਾਰਡ: ਜ਼ਮੀਨ ਨਾਲ ਸਬੰਧਤ ਜਾਣਕਾਰੀ ਸਹੀ ਅਤੇ ਤਸਦੀਕਸ਼ੁਦਾ ਹੋਣੀ ਚਾਹੀਦੀ ਹੈ।
- ਲਾਭਪਾਤਰੀ ਸਥਿਤੀ: ਪੋਰਟਲ ‘ਤੇ ਆਪਣਾ ਸਟੇਟਸ ਦੇਖੋ ਤਾਂ ਜੋ ਕਿਸੇ ਬਕਾਇਆ ਕਾਰਵਾਈ ਦਾ ਪਹਿਲਾਂ ਹੀ ਪਤਾ ਲੱਗ ਸਕੇ।
ਘਰ ਬੈਠੇ ਇੰਝ ਚੈੱਕ ਕਰੋ ਆਪਣਾ ਸਟੇਟਸ
ਕਿਸਾਨ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਜਾਣਕਾਰੀ ਚੈੱਕ ਕਰ ਸਕਦੇ ਹਨ।
- ਸਭ ਤੋਂ ਪਹਿਲਾਂ pmkisan.gov.in ਖੋਲ੍ਹੋ।
- Know Your Status ਵਾਲੇ ਵਿਕਲਪ ‘ਤੇ ਜਾਓ।
- ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।
- ਸਕ੍ਰੀਨ ‘ਤੇ ਦਿੱਤਾ ਕੈਪਚਾ ਭਰੋ ਅਤੇ OTP ਪ੍ਰਾਪਤ ਕਰਨ ਲਈ ਅੱਗੇ ਵਧੋ।
- ਰਜਿਸਟਰਡ ਮੋਬਾਈਲ ਨੰਬਰ ‘ਤੇ ਆਇਆ OTP ਦਰਜ ਕਰਕੇ ਆਪਣਾ ਸਟੇਟਸ ਦੇਖੋ।
ਇੱਥੇ ਤੁਸੀਂ ਆਪਣੀ ਲਾਭਪਾਤਰੀ ਸਥਿਤੀ ਅਤੇ ਭੁਗਤਾਨ ਨਾਲ ਸਬੰਧਤ ਜਾਣਕਾਰੀ ਦੇਖ ਸਕਦੇ ਹੋ। ਜੇਕਰ ਕੋਈ ਕਾਰਵਾਈ ਬਕਾਇਆ ਹੈ, ਤਾਂ ਪੋਰਟਲ ‘ਤੇ ਦਿੱਤੀਆਂ ਹਦਾਇਤਾਂ ਅਨੁਸਾਰ ਉਸ ਨੂੰ ਪੂਰਾ ਕਰੋ।






