ਲੁਧਿਆਣਾ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਫਗਵਾੜਾ ਖੇਤਰ ਵਿੱਚ ਚਲਾਏ ਗਏ ਇੱਕ ਆਪ੍ਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਇੱਕ ਕਥਿਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ, ਟੀਮ ਨੇ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਬੱਸ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ 4 ਵਿਅਕਤੀਆਂ ਦੇ ਕਬਜੇ ‘ਚੋਂ 5.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 11.2 ਕਰੋੜ ਰੁਪਏ ਦੱਸੀ ਗਈ ਹੈ । ਗ੍ਰਿਫਤਾਰ ਕੀਤੇ ਗਏ ਚਾਰਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਧ੍ਰੀ ਦੀ ਟੀਮ ਫਿਲਹਾਲ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਜਾਂਚ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਕਿੱਥੋਂ ਆਈ ਸੀ ਅਤੇ ਇਸਨੂੰ ਕਿੱਥੇ ਪਹੁੰਚਾਇਆ ਜਾਣਾ ਸੀ। ਇਸ ਤੋਂ ਇਲਾਵਾ, ਪੁੱਛਗਿੱਛ ਦੌਰਾਨ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਇਸ ਨੈੱਟਵਰਕ ਦਾ ਕਥਿਤ ਮੁੱਖ ਸਰਗਨਾ ਵੀ ਸ਼ਾਮਲ ਹੈ।
