HomeUncategorizedਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਗਰਾਓਂ: ਪਿੰਡ ਸਿੱਧਵਾਂ ਬੇਟ ਦੇ ਰਹਿਣ ਵਾਲੇ ਗੁਰਲਾਲ ਸਿੰਘ ਉਰਫ਼ ਗੱਗਨਾ ਦੀ ਅਮਰੀਕਾ ਵਿੱਚ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਜਿਵੇਂ ਹੀ ਇਹ ਦੁਖਦਾਈ ਖ਼ਬਰ ਪਿੰਡ ਪਹੁੰਚੀ, ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਗੁਰਲਾਲ ਸਿੰਘ ਦੀ ਮੌਤ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਗਹਿਰਾ ਸਦਮਾ ਲੱਗਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਲਾਲ ਸਿੰਘ ਉਰਫ਼ ਗੱਗਨਾ ਪੁੱਤਰ ਸਰਦਾਰ ਚਮਕੌਰ ਸਿੰਘ ਅਤੇ ਮਾਤਾ ਬਲਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਬੀਤੇ ਦਿਨੀਂ ਉਹ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਬੀਤੀ ਰਾਤ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਗੁਰਲਾਲ ਸਿੰਘ ਦੀਆਂ ਦੋਵੇਂ ਭੈਣਾਂ ਕੈਨੇਡਾ ਵਿੱਚ ਰਹਿੰਦੀਆਂ ਹਨ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਅਮਰੀਕਾ ਵਿੱਚ ਹੀ ਕੀਤਾ ਜਾਵੇਗਾ ਅੰਤਿਮ ਸਸਕਾਰ
ਗੁਰਲਾਲ ਸਿੰਘ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਉਸ ਦੇ ਨਜ਼ਦੀਕੀ ਦੋਸਤ ਬੱਬੂ ਕਲਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਫ਼ੋਨ ਰਾਹੀਂ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਗੱਗਨਾ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਵਾਸੀਆਂ ਅਤੇ ਉਸ ਦੇ ਦੋਸਤਾਂ ਵਿੱਚ ਗਹਿਰਾ ਦੁੱਖ ਹੈ। ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਦਾ ਅੰਤਿਮ ਸਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ।

ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਗੁਰਲਾਲ ਸਿੰਘ ਦੀ ਮੌਤ ’ਤੇ ਪਿੰਡ ਵਾਸੀਆਂ ਅਤੇ ਉਸ ਦੇ ਜਾਣਕਾਰਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਾਰਿਆਂ ਨੇ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹੌਸਲਾ ਰੱਖਣ ਦੀ ਅਪੀਲ ਕੀਤੀ ਹੈ।

ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਗੁਰਜੀਤ ਸਿੰਘ ਸਿੱਧੂ ਸਿੱਧਵਾਂ ਬੇਟ, ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੋਨੀਆ ਸਿੱਧੂ (ਕੈਨੇਡਾ), ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਬਲਕਾਰ ਸਿੰਘ ਲਾਡੀ, ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਕੁਲਵਿੰਦਰ ਸਿੰਘ ਚੰਦੀ, ਜਰਨੈਲ ਸਿੰਘ ਸਿੱਧੂ, ਸਾਬਕਾ ਬਲਾਕ ਸੰਮਤੀ ਮੈਂਬਰ ਹਮਨ ਕੁਮਾਰ ਟੀਟਾ, ਗੁਰਪ੍ਰਤਾਪ ਸਿੰਘ ਸਫੀਪੁਰਾ, ਆੜ੍ਹਤੀਆ ਚਰਨਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਰਾਮਗੜ੍ਹੀਆ, ਡਾਕਟਰ ਕੁਲਵੰਤ ਸਿੰਘ ਸਿੱਧੂ, ਜਸਪਾਲ ਸਿੰਘ ਜੱਸ ਸਿੱਧਵਾਂ ਬੇਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਕੁਲਵਿੰਦਰ ਸਿੰਘ ਕਾਲਾ, ਜਗਮਿੰਦਰ ਸਿੰਘ ਅੱਬੂਪੁਰਾ ਲਾਡੀ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸਾਬਕਾ ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ, ਗੁਰਮੀਤ ਸਿੰਘ ਅਤੇ ਅਮਨਦੀਪ ਸਿੰਘ ਅਮਨ ਗਰੇਵਾਲ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।

ਵਿਛੜੀ ਰੂਹ ਦੀ ਸ਼ਾਂਤੀ ਲਈ ਕੀਤੀ ਅਰਦਾਸ
ਬੱਬੂ ਕਲਸੀ ਅਤੇ ਸਮੂਹ ਪਿੰਡ ਵਾਸੀਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ, ਖ਼ਾਸ ਕਰਕੇ ਮਾਪਿਆਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਦੇਣ। ਗੁਰਲਾਲ ਸਿੰਘ ਦੀ ਬੇਵਕਤੀ ਮੌਤ ਨਾਲ ਪਿੰਡ ਸਿੱਧਵਾਂ ਬੇਟ ਵਿੱਚ ਸੋਗ ਦਾ ਮਾਹੌਲ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments