Home World News 21 ਭਾਰਤੀ ਮਲਾਹਾਂ ਵਾਲੇ ਤੇਲ ਟੈਂਕਰ ’ਤੇ ਹਮਲਾ, ਜਹਾਜ਼ ਨੂੰ ਲੱਗੀ ਅੱਗ

21 ਭਾਰਤੀ ਮਲਾਹਾਂ ਵਾਲੇ ਤੇਲ ਟੈਂਕਰ ’ਤੇ ਹਮਲਾ, ਜਹਾਜ਼ ਨੂੰ ਲੱਗੀ ਅੱਗ

0

ਕੂਵੈਤ : ਹੋਰਮੁਜ਼ ਜਲਡਮਰੂਮੱਧ ਵਿੱਚ ਕੂਵੈਤ ਦੇ ਝੰਡੇ ਵਾਲੇ ਤੇਲ ਟੈਂਕਰ M/T Al Dasma ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਜਹਾਜ਼ ’ਤੇ 21 ਭਾਰਤੀ ਮਲਾਹ ਸਵਾਰ ਸਨ। ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਸਾਰੇ ਭਾਰਤੀ ਮਲਾਹਾਂ ਸਮੇਤ ਬਾਕੀ ਚਾਲਕ ਦਲ ਦੇ ਮੈਂਬਰ ਵੀ ਸੁਰੱਖਿਅਤ ਹਨ।

ਬੀਤੇ ਦਿਨੀਂ ਇਹ ਘਟਨਾ 21 ਅਕਤੂਬਰ ਨੂੰ ਉਸ ਸਮੇਂ ਵਾਪਰੀ, ਜਦੋਂ ਟੈਂਕਰ ਹੋਰਮੁਜ਼ ਜਲਡਮਰੂਮੱਧ ਵਿੱਚੋਂ ਲੰਘ ਰਿਹਾ ਸੀ। ਜਹਾਜ਼ ’ਤੇ ਕਿਸੇ ਅਣਪਛਾਤੀ ਵਸਤੂ ਨਾਲ ਹਮਲਾ ਹੋਇਆ। ਸੋਨੋਵਾਲ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਧਿਕਾਰੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਹਾਜ਼ ਦੀ ਪ੍ਰਬੰਧਨ ਕੰਪਨੀ ਦੇ ਸੰਪਰਕ ਵਿੱਚ ਹਨ।

ਹਮਲੇ ਤੋਂ ਬਾਅਦ ਜਹਾਜ਼ ’ਚ ਲੱਗੀ ਅੱਗ

ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨਜ਼ (UKMTO) ਨੇ ਓਮਾਨ ਦੇ ਬੁਖਾ ਤੋਂ ਲਗਭਗ 11 ਨੌਟੀਕਲ ਮੀਲ ਪੱਛਮ ਵੱਲ ਇਸ ਘਟਨਾ ਦੀ ਜਾਣਕਾਰੀ ਦਰਜ ਕੀਤੀ। ਰਿਪੋਰਟਾਂ ਮੁਤਾਬਕ ਹਮਲੇ ਤੋਂ ਬਾਅਦ ਜਹਾਜ਼ ’ਤੇ ਅੱਗ ਲੱਗ ਗਈ ਸੀ, ਜਿਸ ਨੂੰ ਬਾਅਦ ਵਿੱਚ ਬੁਝਾ ਦਿੱਤਾ ਗਿਆ। ਘਟਨਾ ਮਗਰੋਂ ਟੈਂਕਰ ਆਪਣੀ ਥਾਂ ’ਤੇ ਹੀ ਰੁਕਿਆ ਰਿਹਾ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਗਏ।

ਇਹ ਘਟਨਾ ਖਾੜੀ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਹੋਰ ਘਟਨਾਵਾਂ ਵਿਚਾਲੇ ਵਾਪਰੀ ਹੈ। ਇਸ ਕਾਰਨ ਸਮੁੰਦਰੀ ਵਪਾਰ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।

ਇਸ ਤੋਂ ਪਹਿਲਾਂ ਵੀ ਹੋਇਆ ਸੀ ਹਮਲਾ

ਇਸ ਤੋਂ ਪਹਿਲਾਂ 16 ਅਕਤੂਬਰ ਨੂੰ MT ST 3 ਨਾਮ ਦੇ ਕੱਚੇ ਤੇਲ ਦੇ ਟੈਂਕਰ ’ਤੇ ਵੀ ਹੋਰਮੁਜ਼ ਜਲਡਮਰੂਮੱਧ ਵਿੱਚ ਹਮਲਾ ਹੋਇਆ ਸੀ। ਉਸ ਜਹਾਜ਼ ’ਤੇ 15 ਭਾਰਤੀ ਮਲਾਹ ਸਵਾਰ ਸਨ। ਉਸ ਸਮੇਂ ਵੀ ਸਰਬਾਨੰਦ ਸੋਨੋਵਾਲ ਨੇ ਸਾਰੇ ਭਾਰਤੀ ਮਲਾਹਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਸੀ। ਕਿਸੇ ਦੇ ਜ਼ਖ਼ਮੀ ਹੋਣ ਜਾਂ ਮੌਤ ਦੀ ਰਿਪੋਰਟ ਨਹੀਂ ਸੀ।

ਭਾਰਤ ਨੇ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦੀ ਕੀਤੀ ਨਿੰਦਾ

ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦਰਮਿਆਨ ਭਾਰਤ ਕਈ ਵਾਰ ਵਪਾਰਕ ਜਹਾਜ਼ਾਂ ਅਤੇ ਮਲਾਹਾਂ ’ਤੇ ਹੋਣ ਵਾਲੇ ਹਮਲਿਆਂ ਦੀ ਨਿੰਦਾ ਕਰ ਚੁੱਕਾ ਹੈ। ਭਾਰਤ ਨੇ ਅਜਿਹੀਆਂ ਕਾਰਵਾਈਆਂ ਨੂੰ ਗ਼ਲਤ ਕਰਾਰ ਦਿੰਦਿਆਂ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਅੰਤਰਰਾਸ਼ਟਰੀ ਜਲ ਮਾਰਗਾਂ ਰਾਹੀਂ ਵਪਾਰ ਦੇ ਸੁਰੱਖਿਅਤ ਤੇ ਬਿਨਾਂ ਰੁਕਾਵਟ ਜਾਰੀ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version