ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਵੱਡੀ ਕਾਰਵਾਈ ਕਰਦਿਆਂ 5.84 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ, ਵਿਜੇਵਾੜਾ ਨੇੜੇ ਕੀਤੀ ਗਈ ਇਸ ਕਾਰਵਾਈ ਦੌਰਾਨ 3.1 ਕਿਲੋ ਸੋਨੇ ਤੋਂ ਇਲਾਵਾ ਅਮਰੀਕੀ ਡਾਲਰ ਅਤੇ ਯੂਰੋ ਵੀ ਬਰਾਮਦ ਕੀਤੇ ਗਏ ਹਨ।
ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ
DRI ਨੂੰ ਸੂਚਨਾ ਮਿਲੀ ਸੀ ਕਿ ਇੱਕ ਗਿਰੋਹ ਬੰਗਲਾਦੇਸ਼ ਤੋਂ ਸੋਨੇ ਦੀ ਸਮੱਗਲਿੰਗ ਕਰਕੇ ਇਸ ਨੂੰ ਕੋਲਕਾਤਾ ਦੇ ਰਸਤੇ ਹੈਦਰਾਬਾਦ ਪਹੁੰਚਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ DRI ਦੀਆਂ ਹੈਦਰਾਬਾਦ ਅਤੇ ਵਿਜੇਵਾੜਾ ਖੇਤਰੀ ਇਕਾਈਆਂ ਨੇ ਸਾਂਝੀ ਮੁਹਿੰਮ ਚਲਾਈ।
ਪੰਜ ਮੁਲਜ਼ਮ ਨਿਆਇਕ ਹਿਰਾਸਤ ’ਚ ਭੇਜੇ
ਜਾਂਚ ਏਜੰਸੀ ਨੇ ਕਥਿਤ ਤੌਰ ’ਤੇ ਸੋਨੇ ਦੀ ਖ਼ਰੀਦ-ਫ਼ਰੋਖ਼ਤ ਅਤੇ ਇਸ ਦੀ ਢੋਆ-ਢੁਆਈ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਸਬੰਧਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।






