Home Punjab ਡਰੱਗਜ਼ ਕੰਟਰੋਲ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ 16 ਫਰਮਾਂ ਦੀ ਕੀਤੀ...

ਡਰੱਗਜ਼ ਕੰਟਰੋਲ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ 16 ਫਰਮਾਂ ਦੀ ਕੀਤੀ ਜਾਂਚ, 11 ‘ਚੋਂ ਡਰੱਗਜ਼ ਤੇ ਕਾਸਮੈਟਿਕ ਨਿਯਮਾਂ ਦੀਆਂ ਉਲੰਘਣਾਂ ਪਾਈਆਂ

0

ਪਟਿਆਲਾ, 21 ਅਕਤੂਬਰ: ਪਟਿਆਲਾ ਡਰੱਗਜ਼ ਕੰਟਰੋਲ ਦਫ਼ਤਰ ਨੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਨਾਲ ਮਿਲ ਕੇ ਜ਼ਿਲ੍ਹੇ ਵਿਚ ਵੱਖ-ਵੱਖ ਮੈਡੀਕਲ ਸਟੋਰਾਂ ਅਤੇ ਫਰਮਾਂ ਦੀ ਜਾਂਚ ਕੀਤੀ ਹੈ। ਇਸ ਜਾਂਚ ਦੌਰਾਨ ਕਈ ਫਰਮਾਂ ਵਿਚ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਅਤੇ ਦਵਾਈਆਂ ਦੀ ਖਰੀਦ ਅਤੇ ਵਿੱਕਰੀ ਰਿਕਾਰਡ ਵਿਚ ਕਈ ਖਾਮੀਆਂ ਪਾਏ ਜਾਣ ਉੱਤੇ ਵਿਭਾਗ ਨੇ ਰਿਕਾਰਡ ਅਤੇ ਦਵਾਈਆਂ ਜ਼ਬਤ ਕੀਤੀਆਂ ਹਨ।

ਜੋਨਲ ਲਾਇਸੈਂਸਿੰਗ ਅਥਾਰਟੀ ਨਵਜੋਤ ਕੌਰ ਨੇ ਦੱਸਿਆ ਕਿ ਮਿਤੀ 16 ਅਕਤੂਬਰ ਤੋਂ 19 ਅਕਤੂਬਰ 2026 ਤੱਕ ਡਰੱਗਜ਼ ਕੰਟਰੋਲ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ 16 ਫਰਮਾਂ ਦੀ ਜਾਂਚ ਕੀਤੀ, ਜਿਸ ਵਿਚੋਂ 11 ਵਿਚ ਡਰੱਗਜ਼ ਅਤੇ ਕਾਸਮੈਟਿਕ ਨਿਯਮਾਂ ਦੀਆਂ ਉਲੰਘਣਾਂ ਪਾਈਆਂ ਗਈਆਂ। ਨਵਜੋਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਇਕ ਮੈਡੀਕਲ ਸਟੋਰ ਉੱਤੇ ਖਰੀਦ ਅਤੇ ਵਿੱਕਰੀ ਦੇ ਰਿਕਾਰਡ ਵਿਚ ਬੇਨਿਯਮੀਆਂ ਕਾਰਨ 1 ਤਰ੍ਹਾਂ ਦੀ ਦਵਾਈ ਜ਼ਬਤ ਕੀਤੀ ਅਤੇ ਇਸੇ ਤਰ੍ਹਾਂ ਗੁਪਤ ਸੂਚਨਾ ਤੇ ਆਧਾਰ ‘ਤੇ ਡਰੱਗਜ਼ ਕੰਟਰੋਲ ਅਫ਼ਸਰ ਪਟਿਆਲਾ -1 ਅਤੇ ਡਰੱਗਜ਼ ਕੰਟਰੋਲ ਅਫ਼ਸਰ ਪਟਿਆਲਾ-4 ਨੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਨਾਲ ਮਿਲ ਕੇ ਪੰਜ ਫਰਮਾਂ ਦੀ ਜਾਂਚ ਕੀਤੀ। ਇਸ ਦੌਰਾਨ ਇਕ ਮੈਡੀਕਲ ਸਟੋਰ ਤੋਂ ਖਰੀਦ-ਵੇਚ ਦੀ ਕਮੀ ਕਾਰਨ 900 ਗੋਲੀਆਂ ਜ਼ਬਤ ਕੀਤੀਆਂ ਗਈਆ, ਜਿਸਦੀ ਕੀਮਤ ਲਗਭਗ 13000 ਰੁਪਏ ਹੈ।

ਉਨ੍ਹਾਂ ਕਿਹਾ ਕਿ ਇੱਕ ਹੋਰ ਕਾਰਵਾਈ ਦੌਰਾਨ ਪਰਨੀਤ ਕੌਰ ਡਰੱਗਜ਼ ਕੰਟਰੋਲ ਅਫ਼ਸਰ ਪਟਿਆਲਾ-2 ਨੇ ਐਸ.ਐਚ.ਐਓ. ਥਾਣਾ ਜੁਲਕਾਂ ਅਤੇ ਰੋਹੜ ਜਗੀਰ ਪੁਲਿਸ ਚੌਂਕੀ ਦੇ ਇੰਚਾਰਜ ਨਾਲ ਮਿਲ ਕੇ 4 ਫਰਮਾਂ ਦੀ ਜਾਂਚ ਕੀਤੀ। ਇਸ ਵਿਚ ਆਮ ਉਲੰਘਣਾਵਾਂ ਪਾਈਆਂ ਗਈਆਂ। ਇਸਤੋਂ ਇਲਾਵਾ ਇਕ ਕਲੀਨਿਕ ਤੋਂ ਟਰਾਮਾਡੋਲ ਦੀਆਂ ਗੋਲੀਆਂ ਵੀ ਮਿਲੀਆਂ ਜਿਸ ਕਾਰਨ ਕਲੀਨਿਕ ਦੇ ਮਾਲਕ ਖਿਲਾਫ਼ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ਼ ਕੀਤਾ ਹੈ।

ਜੋਨਲ ਲਾਇਸੈਂਸਿੰਗ ਅਥਾਰਟੀ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਮਸੀਂਗਣ ਵਿਖੇ ਕੀਤੀ ਕਾਰਵਾਈ ਦੌਰਾਨ ਇਕ ਮੈਡੀਕਲ ਸਟੋਰ ਤੋਂ 34123 ਰੁਪਏ ਦੀਆਂ 24 ਕਿਸਮ ਦੀਆਂ ਦਵਾਈਆਂ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧਾਰਾਂਵਾਂ 18 ਸੀ ਅਤੇ 18 ਏ ਤਹਿਤ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਵਿੱਕਰੀ ਤੇ ਖਰੀਦ ਸਬੰਧੀ ਉਲੰਘਣਾਵਾਂ ਸਾਹਮਣੇ ਆਉਣ ‘ਤੇ ਕਾਨੂੰਨੀ ਪ੍ਰਕ੍ਰਿਆ ਅਨੁਸਾਰ ਕਾਰਵਾਈ ਕੀਤੀ ਜਾ ਜਾਵੇਗੀ।

ਨਵਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਭਾਗ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਦਵਾਈਆਂ ਦੀ ਆੜ ਹੇਠ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version