ਪੰਚਕੂਲਾ : ਸੈਕਟਰ 27 ਵਿੱਚ ਸੋਮਵਾਰ ਰਾਤ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਰਜ਼ੇ ਦੇ ਬੋਝ ਹੇਠ ਦੱਬੇ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਆਸ ਪਾਸ ਦੇ ਇਲਾਕੇ ਅਤੇ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ ਛੇ ਲੋਕਾਂ ਦੀ ਮੌਤ ਸੈਕਟਰ-26 ਦੇ ਓਜਸ ਹਸਪਤਾਲ ਵਿੱਚ ਹੋਈ, ਜਦੋਂ ਕਿ ਇੱਕ ਦੀ ਮੌਤ ਸੈਕਟਰ-6 ਦੇ ਸਿਵਲ ਹਸਪਤਾਲ ਵਿੱਚ ਹੋਈ।
ਮ੍ਰਿਤਕਾਂ ਦੀ ਪਛਾਣ ਪ੍ਰਵੀਨ ਮਿੱਤਲ, ਉਨ੍ਹਾਂ ਦੇ ਪਿਤਾ ਦੇਸ਼ਰਾਜ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪਰਿਵਾਰ ਮੂਲ ਰੂਪ ਵਿੱਚ ਉਤਰਾਖੰਡ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਮੇ ਤੋਂ ਪੰਚਕੂਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਸੋਮਵਾਰ ਰਾਤ ਲਗਭਗ 11:00 ਵਜੇ, ਪੁਲਿਸ ਨੂੰ ਡਾਇਲ 112 ‘ਤੇ ਇੱਕ ਫੋਨ ਆਇਆ ਕਿ ਮਕਾਨ ਨੰਬਰ 1204 ਦੇ ਬਾਹਰ ਖੜੀ ਇੱਕ ਕਾਰ ਵਿੱਚ ਕੁਝ ਲੋਕ ਬੈਠੇ ਹਨ ਅਤੇ ਬੁਰੀ ਤਰ੍ਹਾਂ ਦਰਦ ਵਿੱਚ ਤੜਫ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਜਿਵੇਂ ਹੀ ਪੁਲਿਸ ਈ.ਆਰ.ਵੀ ਮੌਕੇ ‘ਤੇ ਪਹੁੰਚੀ, ਤਾਂ ਕਾਰ ਵਿੱਚ ਛੇ ਲੋਕ ਬੈਠੇ ਸਨ। ਉਨ੍ਹਾਂ ਹਾਲਤ ਖ਼ਰਾਬ ਸੀ। ਉਨ੍ਹਾਂ ਨੂੰ ਤੁਰੰਤ ਸੈਕਟਰ-26 ਦੇ ਓਜਸ ਹਸਪਤਾਲ ਲਿਜਾਇਆ ਗਿਆ। ਥੋੜ੍ਹੀ ਦੇਰ ਬਾਅਦ ਇੱਕ ਹੋਰ ਆਦਮੀ ਤੜਫਦੇ ਹੋਏ ਨਿਕਲਿਆ ਘਰੋਂ ਬਾਹਰ ਆਇਆ। ਪੁਲਿਸ ਟੀਮ ਉਨ੍ਹਾਂ ਨੂੰ ਇਲਾਜ ਲਈ ਸੈਕਟਰ-6 ਸਿਵਲ ਹਸਪਤਾਲ ਲੈ ਗਈ।
ਸਾਰਿਆਂ ਦੀ ਇਲਾਜ ਦੌਰਾਨ ਮੌਤ
ਇਲਾਜ ਦੌਰਾਨ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਡੀ.ਸੀ.ਪੀ ਹਿਮਾਦਰੀ ਕੌਸ਼ਿਕ, ਏ.ਸੀ.ਪੀ ਵਿਕਰਮ ਨਹਿਰਾ, ਏ.ਸੀ.ਪੀ ਅਰਵਿੰਦ ਕੰਬੋਜ ਤੋਂ ਇਲਾਵਾ ਸੀ.ਆਈ.ਏ ਦੀਆਂ ਸਾਰੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਸੂਤਰਾਂ ਅਨੁਸਾਰ, ਪਰਿਵਾਰ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਵੀਨ ਮਿੱਤਲ ਦਾ ਪਰਿਵਾਰ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ।
ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਦੇਹਰਾਦੂਨ ਵਿੱਚ ਟੂਰ ਐਂਡ ਟ੍ਰੈਵਲਜ਼ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਸ ਵਿੱਚ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਹੋਇਆ। ਫਿਲਹਾਲ ਇੰਨੀ ਜਿਆਦਾ ਤੰਗੀ ਸੀ ਕਿ ਖਾਣ ਦੇ ਵੀ ਲਾਲੇ ਪਏ ਹੋਏ ਸੀ । ਇਸ ਸਥਿਤੀ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਨੇ ਇਹ ਵੱਡਾ ਕਦਮ ਚੁੱਕਿਆ। ਮਰਨ ਵਾਲਿਆਂ ਵਿੱਚ ਪ੍ਰਵੀਨ ਮਿੱਤਲ ਦੇ ਪਿਤਾ ਦੇਸ਼ਰਾਜ ਮਿੱਤਲ, ਉਨ੍ਹਾਂ ਦੀ ਮਾਂ, ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਸ਼ਾਮਲ ਹਨ।