ਜਲੰਧਰ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਰਮਨ ਅਰੋੜਾ ਦੀ ਸਿਹਤ ਵਿਜੀਲੈਂਸ ਹਿਰਾਸਤ ਵਿੱਚ ਅਚਾਨਕ ਵਿਗੜ ਗਈ ਹੈ। ਸਿਵਲ ਹਸਪਤਾਲ ਜਲੰਧਰ ਤੋਂ ਇਕ ਟੀਮ ਨੂੰ ਇਲਾਜ ਲਈ ਵਿਜੀਲੈਂਸ ਦਫ਼ਤਰ, ਜਲੰਧਰ ਭੇਜਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਰਮਨ ਅਰੋੜਾ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਦੀਆਂ ਪਰਤਾਂ ਖੁੱਲ੍ਹੀਆਂ ਹਨ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਏ.ਟੀ.ਪੀ. ਸੁਖਦੇਵ ਵਸ਼ਿਸ਼ਠ ਵੱਲੋਂ ਘਰਾਂ ‘ਤੇ ਚਿਪਕਾਏ ਜਾ ਰਹੇ ਜਾਅਲੀ ਨੋਟਿਸਾਂ ਦੀਆਂ ਕਾਪੀਆਂ ਵਿਧਾਇਕ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਹਨ। ਵਿਜੀਲੈਂਸ ਦਾ ਮੰਨਣਾ ਹੈ ਕਿ ਉਕਤ ਨੋਟਿਸ ਰਮਨ ਅਰੋੜਾ ਦੇ ਕਹਿਣ ‘ਤੇ ਚਿਪਕਾਏ ਜਾ ਰਹੇ ਸਨ।
ਇਹ ਖੁਲਾਸਾ ਹੋਇਆ ਹੈ ਕਿ ਇਹ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰਾਂ ‘ਤੇ ਲਗਾਏ ਜਾ ਰਹੇ ਸਨ। ਨੋਟਿਸ ਦੀ ਕਾਪੀ ਸਾਹਮਣੇ ਆਉਣ ਤੋਂ ਬਾਅਦ, ਮਾਮਲਾ ਹੋਰ ਗੰਭੀਰ ਹੋ ਗਿਆ ਹੈ ਕਿਉਂਕਿ ਜਿਨ੍ਹਾਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ‘ਤੇ ਇਹ ਨੋਟਿਸ ਚਿਪਕਾਏ ਗਏ ਹਨ, ਉਹ ਹੁਣ ਸ਼ਿਕਾਇਤਾਂ ਦਰਜ ਕਰਵਾਉਣ ਲਈ ਵੀ ਅੱਗੇ ਆ ਸਕਦੇ ਹਨ।
ਸ਼ੁੱਕਰਵਾਰ ਨੂੰ, ਵਿਜੀਲੈਂਸ ਟੀਮ ਲਗਭਗ 6 ਘੰਟੇ ਤੱਕ ਰਮਨ ਅਰੋੜਾ ਦੇ ਘਰ ਦੀ ਤਲਾਸ਼ੀ ਲੈਂਦੀ ਰਹੀ। ਤਲਾਸ਼ੀ ਦੌਰਾਨ ਰਮਨ ਅਰੋੜਾ ਦੇ ਸਾਲੇ ਰਾਜੂ ਮਦਾਨ ਅਤੇ ਉਸਦੇ ਪੀਏ ਰੋਹਿਤ ਦੇ ਘਰ ਵੀ ਛਾਪਾ ਮਾਰਿਆ ਗਿਆ। ਰਾਜੂ ਮਦਾਨ ਘਰ ਨਹੀਂ ਮਿ ਲਿਆ, ਪਰ ਰੋਹਿਤ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ। ਅੱਜ ਉਸਨੂੰ ਵੀ ਵਿਧਾਇਕ ਰਮਨ ਅਰੋੜਾ ਦੇ ਨਾਲ ਪੇਸ਼ ਕੀਤਾ ਜਾਵੇਗਾ।