ਦਿੱਲੀ: ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਉੱਤਰੀ ਭਾਰਤ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਈਆ ਹੈ, ਉੱਥੇ ਹੀ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਭ ਦੇ ਵਿਚਕਾਰ, ਪੰਜਾਬ ਅਤੇ ਹਰਿਆਣਾ ਵਿੱਚ ਭਿਆਨਕ ਗਰਮੀ ਦੀ ਲਹਿਰ ਅਜੇ ਵੀ ਜਾਰੀ ਹੈ।
ਉੱਤਰੀ ਭਾਰਤ ਵਿੱਚ ਮੀਂਹ ਅਤੇ ਤੂਫ਼ਾਨ ਦਾ ਅਲਰਟ
ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਉੱਤਰ ਪ੍ਰਦੇਸ਼, ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ, ਗਰਜ, ਤੂਫਾਨ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਲਖਨਊ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 25 ਤੋਂ 26 ਮਈ ਤੱਕ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਉੱਤਰ ਪ੍ਰਦੇਸ਼ ਦੇ ਲਗਭਗ 70 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਵਾਰਾਣਸੀ, ਆਜ਼ਮਗੜ੍ਹ, ਗੋਰਖਪੁਰ, ਦੇਵਰੀਆ, ਲਖਨਊ, ਮਥੁਰਾ, ਮੇਰਠ, ਬਰੇਲੀ, ਅਯੁੱਧਿਆ, ਕਾਨਪੁਰ ਅਤੇ ਪ੍ਰਯਾਗਰਾਜ ਸ਼ਾਮਿਲ ਹੈ ਉਨ੍ਹਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੱਖਣੀ ਭਾਰਤ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ
ਦੱਖਣੀ ਭਾਰਤ ਵਿੱਚ ਮੌਸਮ ਵਧੇਰੇ ਸਰਗਰਮ ਹੈ। ਕੇਰਲ, ਕਰਨਾਟਕ, ਤਾਮਿਲਨਾਡੂ, ਗੋਆ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈ.ਐਮ.ਡੀ ਦੇ ਅਨੁਸਾਰ, ਕੇਰਲ ਵਿੱਚ 24 ਤੋਂ 26 ਮਈ ਤੱਕ ਅਤੇ ਤੱਟਵਰਤੀ ਕਰਨਾਟਕ ਅਤੇ ਘਾਟ ਖੇਤਰਾਂ ਵਿੱਚ 24 ਤੋਂ 27 ਮਈ ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਮੱਧ ਮਹਾਰਾਸ਼ਟਰ ਅਤੇ ਗੋਆ ਵਿੱਚ ਬਾਰਿਸ਼ ਦੀ ਗਤੀ ਤੇਜ਼ ਰਹੇਗੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ
ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਬਾਵਜੂਦ, ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦੀ ਲਹਿਰ ਆਪਣੇ ਸਿਖਰ ‘ਤੇ ਹੈ। ਪੱਛਮੀ ਰਾਜਸਥਾਨ ਦੇ ਜੈਸਲਮੇਰ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਵਿੱਚ 27 ਮਈ ਤੱਕ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਧੂੜ ਭਰੇ ਹਨੇਰੀ ਅਤੇ ਗਰਮ ਰਾਤਾਂ ਵੀ ਇਨ੍ਹਾਂ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਕਾਫ਼ੀ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ।
ਕਿਸਾਨਾਂ ਲਈ ਖਾਸ ਚੇਤਾਵਨੀ
ਮੌਸਮ ਵਿਭਾਗ ਨੇ ਕਿਸਾਨਾਂ ਲਈ ਇੱਕ ਵਿਸ਼ੇਸ਼ ਚੇਤਾਵਨੀ ਵੀ ਜਾਰੀ ਕੀਤੀ ਹੈ। ਤੇਜ਼ ਹਵਾਵਾਂ ਅਤੇ ਗੜੇਮਾਰੀ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਖਾਸ ਕਰਕੇ ਮੱਕੀ, ਮੂੰਗਫਲੀ, ਛੋਲੇ, ਸੂਰਜਮੁਖੀ ਅਤੇ ਹੋਰ ਬਾਗਬਾਨੀ ਫਸਲਾਂ ਵਿੱਚ ਫੁੱਲ ਅਤੇ ਫਲ ਡਿੱਗ ਸਕਦੇ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੀਟਨਾਸ਼ਕਾਂ ਜਾਂ ਖਾਦਾਂ ਦਾ ਛਿੜਕਾਅ ਸਿਰਫ਼ ਉਦੋਂ ਹੀ ਕੀਤਾ ਜਾਵੇ ਜਦੋਂ ਹਵਾਵਾਂ ਸ਼ਾਂਤ ਹੋਣ। ਇਸ ਤੋਂ ਇਲਾਵਾ, ਖੇਤਾਂ ਵਿੱਚ ਹਲਕੀ ਸਿੰਚਾਈ ਕਰਕੇ ਨਮੀ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।