ਅਜਮੇਰ : ਰਾਜਸਥਾਨ ਦੇ ਅਜਮੇਰ ਦੇ ਡਿੱਗੀ ਬਾਜ਼ਾਰ ਇਲਾਕੇ ‘ਚ ਅੱਜ ਇਕ ਦੁਖਦਾਈ ਘਟਨਾ ਵਾਪਰੀ। ਇੱਥੇ ਇਕ ਪੰਜ ਮੰਜ਼ਿਲਾ ਹੋਟਲ ਵਿੱਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਸੇ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਦਿੱਤੀ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੇ.ਐਲ.ਐਨ. ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ ਅਨਿਲ ਸਮਰੀਆ ਨੇ ਦੱਸਿਆ ਕਿ ਅੱਜ ਸਵੇਰੇ ਡਿੱਗੀ ਬਾਜ਼ਾਰ ਇਲਾਕੇ ਦੇ ਇਕ ਹੋਟਲ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਦੋ ਪੁਰਸ਼ਾਂ, ਇਕ ਔਰਤ ਅਤੇ ਇਕ ਬੱਚੇ ਸਮੇਤ ਕੁੱਲ ਚਾਰ ਵਿਅਕਤੀਆਂ ਦੀ ਦਮ ਘੁੱਟਣ ਅਤੇ ਸੜਨ ਕਾਰਨ ਮੌਤ ਹੋ ਗਈ। ਵਧੀਕ ਪੁਲਿਸ ਸੁਪਰਡੈਂਟ ਹਿਮਾਂਸ਼ੂ ਜੰਗੀਦ ਨੇ ਕਿਹਾ ਕਿ ਬਚਾਅ ਕਾਰਜ ਵਿੱਚ ਮੁਸ਼ਕਲ ਆਈ ਕਿਉਂਕਿ ਹੋਟਲ ਵੱਲ ਜਾਣ ਵਾਲੀ ਸੜਕ ਬਹੁਤ ਤੰਗ ਸੀ। ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਹੋਟਲ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਆਪਣੀ ਪਤਨੀ ਨਾਲ ਤੁਰੰਤ ਬਾਹਰ ਵੱਲ ਨੂੰ ਭੱਜਿਆ । ਹੋਟਲ ‘ਚ ਰਹਿ ਰਹੇ ਮੰਗੀਲਾ ਕਲੋਸੀਆ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਇਕ ਔਰਤ ਨੇ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਆਪਣੇ ਬੱਚੇ ਨੂੰ ਉਸਦੀ ਗੋਦ ‘ਚ ਸੁੱਟ ਦਿੱਤਾ। ਔਰਤ ਨੇ ਖੁਦ ਇਮਾਰਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕ ਦਿੱਤਾ। ਉਸਨੇ ਇਹ ਵੀ ਕਿਹਾ ਕਿ ਇਕ ਹੋਰ ਵਿਅਕਤੀ ਨੇ ਵੀ ਖਿੜਕੀ ਤੋਂ ਛਾਲ ਮਾਰ ਦਿੱਤੀ ਅਤੇ ਇਸ ਪ੍ਰਕਿ ਰਿਆ ਵਿੱਚ ਉਸਦੇ ਸਿਰ ਵਿੱਚ ਸੱਟ ਲੱਗ ਗਈ।