ਪੰਜਾਬ : ਪੰਜਾਬ ਵਿਧਾਨ ਸਭਾ ਤੋਂ ਬਾਅਦ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਵਿੱਚ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਘਰ ਬੈਠੇ ਭਾਰਤ ਰਤਨ ਦਿੱਤਾ ਗਿਆ, ਜਦੋਂ ਕਿ ਦੇਸ਼ ਦੀ ਆਜ਼ਾਦੀ ਅਤੇ ਏਕਤਾ ਨੂੰ ਕਾਇਮ ਰੱਖਣ ਵਾਲੇ ਭਗਤ ਸਿੰਘ ਨੂੰ ਨਹੀਂ ਦਿੱਤਾ ਗਿਆ। ਅੱਜ 95 ਸਾਲਾਂ ਬਾਅਦ ਵੀ ਅਜਿਹੀ ਸਥਿਤੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ।
ਰਾਜਾ ਵੜਿੰਗ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਨੂੰ ਤ੍ਰਿਪੁਰਾ ਜਾਣ ਦਾ ਮੌਕਾ ਮਿਲਿਆ। ਜਦੋਂ ਉਹ ਏਅਰਪੋਰਟ ‘ਤੇ ਉਤਰੇ ਤਾਂ ਉਨ੍ਹਾਂ ਦੀ ਨਜ਼ਰ ਇਕ ਸਟੇਡੀਅਮ ‘ਤੇ ਪਈ, ਜਿਸ ‘ਤੇ ‘ਸ਼ਹੀਦ ਭਗਤ ਸਿੰਘ ਸਟੇਡੀਅਮ ਤ੍ਰਿਪੁਰਾ’ ਲਿਖਿਆ ਹੋਇਆ ਸੀ। ਭਗਤ ਸਿੰਘ ਦਾ ਜਨਮ ਪੰਜਾਬ ਵਿਚ ਹੋਇਆ ਸੀ, ਉਸ ਦਾ ਨਾਂ ਤ੍ਰਿਪੁਰਾ ਵਿਚ ਦੇਖ ਕੇ ਮਾਣ ਮਹਿਸੂਸ ਹੋਇਆ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਏਕਤਾ ਲਈ ਕੁਰਬਾਨੀ ਦਿੱਤੀ।