ਪੰਜਾਬ : ਪੰਜਾਬ ਯੂਨੀਵਰਸਿਟੀ ਦੀ ਅੱਜ ਹੋਣ ਵਾਲੀ 72ਵੀਂ ਕਾਨਵੋਕੇਸ਼ਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਵੱਕਾਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਯੂਨੀਵਰਸਿਟੀ ਵਿੱਚ ਕਾਨਵੋਕੇਸ਼ਨ ਭਾਸ਼ਣ ਦੇਣਗੇ। ਦੱਸਣਯੋਗ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੰਜਾਬ ਯੂਨੀਵਰਸਿਟੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਨ ਵਾਲੀ ਭਾਰਤ ਦੀ ਛੇਵੀਂ ਰਾਸ਼ਟਰਪਤੀ ਹੋਣਗੇ। ਅੱਜ ਕਨਵੋਕੇਸ਼ਨ ਦੀ ਰਿਹਰਸਲ ਕੀਤੀ ਗਈ ਜਿਸ ਉਪਰੰਤ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਅੱਜ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੀ.ਯੂ ਦਾ ਯੂਟਿਯੂਬ ਚੈਨਲ ਵੀ ਲਾਂਚ ਕੀਤਾ।
ਇਸ ਤੋਂ ਇਲਾਵਾ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਆਪਣੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਤੇਜ ਸਿੰਘ ਸੰਧੂ ਨੂੰ ਵਿਗਿਆਨ ਰਤਨ, ਡਾ. ਹਰਮੋਹਿੰਦਰ ਸਿੰਘ ਬੇਦੀ ਨੂੰ ਸਾਹਿਤ ਰਤਨ, ਡਾ. ਪੁਸ਼ਿਵੰਦਰ ਜੀਤ ਸਿੰਘ ਨੂੰ ਉਦਯੋਗ ਰਤਨ, ਮਨੂ ਭਾਕਰ ਨੂੰ ਖੇਡ ਰਤਨ ਅਤੇ ਡਾ. ਜਸਪਿੰਦਰ ਨਰੂਲਾ ਨੂੰ ਕਲਾ ਰਤਨ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਦੇ 812 ਪੀ.ਐੱਚ.ਡੀ ਵਿਦਿਆਰਥੀ ਅਤੇ 70 ਤਗਮਾ ਜੇਤੂ ਵਿਦਿਆਰਥੀ ਕ੍ਰਮਵਾਰ ਆਪਣੀਆਂ ਡਿਗਰੀਆਂ ਅਤੇ ਪੁਰਸਕਾਰ ਪ੍ਰਾਪਤ ਕਰਨਗੇ। ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਯੋਗ 945 ਪੀ.ਐੱਚ.ਡੀ. ਵਿਦਿਆਰਥੀਆਂ ਵਿੱਚੋਂ 812 ਨੇ ਅੱਜ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ, ਜਿਸ ਵਿੱਚ 195 ਪੁਰਸ਼ ਅਤੇ 617 ਮਹਿਲਾ ਉਮੀਦਵਾਰ ਸ਼ਾਮਲ ਹਨ। 92 ਤਗਮਾ ਜੇਤੂਆਂ ਵਿੱਚੋਂ 70 ਅੱਜ ਮੌਜੂਦ ਸਨ ਜਿਨ੍ਹਾਂ ਵਿੱਚ 8 ਪੁਰਸ਼ ਅਤੇ 62 ਮਹਿਲਾ ਵਿਦਿਆਰਥੀ ਸ਼ਾਮਲ ਸਨ।
ਅਕਾਦਮਿਕ ਇਨਾਮ ਪ੍ਰਾਪਤ ਕਰਨ ਵਾਲਿਆਂ ਵਿੱਚੋਂ, ਸੁਖਜੋਤ ਕੌਰ ਨੂੰ ਬੀਈ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ 30,000 ਰੁਪਏ ਦਾ ਅਭਿਸ਼ੇਕ ਸੇਠੀ ਮੈਮੋਰੀਅਲ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਡਾ. ਬਲਵਿੰਦਰ ਰਾਜ ਅਤੇ ਡਾ. ਮੁਨੀਸ਼ ਕੁਮਾਰ ਨੂੰ ਸ਼ਿਵ ਨਾਥ ਰਾਏ ਕੋਹਲੀ ਮੈਮੋਰੀਅਲ ਮਿਡ-ਕੈਰੀਅਰ ਬੈਸਟ ਸਾਇੰਟਿਸਟ ਅਵਾਰਡ-2023 ਮਿਲੇਗਾ, ਜਿਸ ਵਿੱਚ 50,000 ਰੁਪਏ ਦਾ ਨਕਦ ਇਨਾਮ ਹੈ। ਕਾਨਵੋਕੇਸ਼ਨ ਦੇ ਹਿੱਸੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 12 ਮਾਰਚ ਨੂੰ ਯੂਨੀਵਰਸਿਟੀ ਕੈਂਪਸ ਦੇ ਸਾਰੇ ਅਧਿਆਪਨ ਅਤੇ ਗੈਰ-ਅਧਿਆਪਨ ਵਿਭਾਗਾਂ ਅਤੇ ਦਫਤਰਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ।