ਚੰਡੀਗੜ੍ਹ : ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਚੰਡੀਗੜ੍ਹ ਪਹੁੰਚੇ ਗਏ ਹਨ। ਏਅਰਪੋਰਟ ‘ਤੇ ਪਹੁੰਚਣ ‘ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਉਹ ਪੰਜਾਬ ਰਾਜ ਭਵਨ ਪਹੁੰਚੇ। ਇਹ ਪਲ ਪੰਜਾਬ ਅਤੇ ਚੰਡੀਗੜ੍ਹ ਲਈ ਕਾਫ਼ੀ ਮਹੱਤਵਪੂਰਨ ਰਹੇ।
ਇਸ ਦੌਰਾਨ ਸੁਰੱਖਿਆ ਲਈ ਸਖਤ ਇੰਤਜ਼ਾਮ ਕੀਤੇ ਗਏ ਸਨ। ਮੋਹਾਲੀ ਤੋਂ ਚੰਡੀਗੜ੍ਹ ਤਕ ਪੁਲਿਸ ਵੱਲੋਂ ਖਾਸ ਇੰਤਜ਼ਾਮ ਕੀਤੇ ਗਏ ਸਨ। ਹਰ ਦੱਸ ਕਦਮ ‘ਤੇ ਪੁਲਿਸ ਦੇ ਜਵਾਨ ਤਾਇਨਾਤ ਸਨ, ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਚੰਡੀਗੜ੍ਹ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਦ੍ਰੌਪਦੀ ਮੁਰਮੂ ਪੰਜਾਬ ਅਤੇ ਚੰਡੀਗੜ੍ਹ ਦੇ ਦੋ ਦਿਨਾਂ ਦੌਰੇ ‘ਤੇ ਹਨ। ਅੱਜ ਉਹ ਬਠਿੰਡਾ ਜਾਣਗੇ, ਜਿੱਥੇ ਉਹ ਕੇਂਦਰੀ ਯੂਨੀਵਰਸਿਟੀ ਵਿਖੇ ਏਮਜ਼ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਫੇਰੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਜਿੱਥੇ ਇੱਕ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਸਾਰੀਆਂ ਸੜਕਾਂ ‘ਤੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿੱਥੋਂ ਉਨ੍ਹਾਂ ਦਾ ਕਾਫਲਾ ਲੰਘੇਗਾ। ਇਸ ਸਮੇਂ ਦੌਰਾਨ ਸਵਾਗਤ ਗੇਟ ਤੋਂ ਲੈ ਕੇ ਜਿੱਤ ਦੇ ਝੰਡੇ ਤੱਕ ਸਭ ਕੁਝ ਸਥਾਪਿਤ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅਸਥਾਈ ਪ੍ਰਬੰਧ ਵੀ ਕੀਤੇ ਗਏ ਹਨ। ਰਾਸ਼ਟਰਪਤੀ ਅੱਜ ਸ਼ਾਮ ਨੂੰ ਹੀ ਮੁੜ ਮੋਹਾਲੀ ਪਹੁੰਚਣਗੇ। ਇਸ ਦੌਰਾਨ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਅਤੇ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।