ਓਟਾਵਾ : ਕੈਨੇਡਾ ਦੇ ਟੋਰਾਂਟੋ ਦੇ ਇੱਕ ਪੱਬ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ 12 ਲੋਕ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀਤੀ ਰਾਤ 10:30 ਵਜੇ ਦੇ ਕਰੀਬ ਸਕਾਰਬਰੋ ਟਾਊਨ ਸੈਂਟਰ ਮਾਲ ਦੇ ਨੇੜੇ ਪ੍ਰੋਗਰੈਸ ਐਵੇਨਿਊ ਅਤੇ ਕਾਰਪੋਰੇਟ ਡਰਾਈਵ ‘ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਪੱਬ ਵਿੱਚ ਦਾਖਲ ਹੋਇਆ, ਅਚਾਨਕ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜ ਗਿਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ, ਪੁਲਿਸ ਉਸ ਬਾਰੇ ਜਾਂਚ ਕਰ ਰਹੀ ਹੈ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ ਫੁਟੇਜ ਵੀ ਪ੍ਰਾਪਤ ਕੀਤੀ ਜਾ ਰਹੀ ਹੈ।
ਸਕਾਰਬਰੋ ਦੇ ਇੱਕ ਪੱਬ ਵਿੱਚ ਹੋਈ ਗੋਲੀਬਾਰੀ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂ ਕਿ ਕੁਝ ਗੰਭੀਰ ਹਾਲਤ ਵਿੱਚ ਹਨ। ਕਈ ਲੋਕਾਂ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਹੈ। ਪੁਲਿਸ ਨੇ ਅਜੇ ਤੱਕ ਪੀੜਤਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਦੇ ਨਾਵਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।