ਪੰਜਾਬ : ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਵਿਚ ਹੈ। ਇਕ ਪਾਸੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ, ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਪਹੁੰਚੇ। ਉਹ ਜਹਾਨ ਖੇਲਾ ਵਿਖੇ 2493 ਪੁਲਿਸ ਮੁਲਾਜ਼ਮਾਂ ਦੀ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣਗੀਆਂ।
ਮਾਨ ਨੇ ਕਿਹਾ ਕਿ ਇਹ ਭਰਤੀ ਵੱਖ-ਵੱਖ ਅਸਾਮੀਆਂ ਲਈ ਕੀਤੀ ਜਾਵੇਗੀ। ਇਸ ਲਈ ਇਕ ਪ੍ਰਸਤਾਵ ਛੇਤੀ ਹੀ ਕੈਬਨਿਟ ਮੀਟਿੰਗ ਵਿਚ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਗੈਂਗਸਟਰਾਂ, ਅਪਰਾਧੀਆਂ, ਚੇਨ ਸਨੈਚਰਾਂ ਅਤੇ ਲੁਟੇਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਧਰਤੀ ਇਸ ਕੰਮ ਲਈ ਨਹੀਂ ਬਣੀ ਹੈ। ਉਨ੍ਹਾਂ ਨਫ਼ਰਤ ਵਧਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਪੰਜਾਬ ਵਿਚ ਨਫ਼ਰਤ ਨੂੰ ਵਧਣ ਨਹੀਂ ਦੇਵਾਂਗੇ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਛੁਡਾਉਣ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਵਿਚ 1992 ਪੁਰਸ਼ ਅਤੇ 498 ਮਹਿਲਾ ਸੈਨਿਕ ਹਨ। 2022 ਤੋਂ ਲੈ ਕੇ ਹੁਣ ਤਕ 10,000 ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਪੰਜਾਬ ਪੁਲਿਸ ਦੇਸ਼ ਦੇ ਚੋਟੀ ਦੇ ਪੁਲਿਸ ਬਲਾਂ ਵਿਚ ਸ਼ਾਮਲ ਹੈ, ਇਸ ਲਈ ਇਸ ਨੂੰ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਬਲ ਦਾ ਗਠਨ ਇਕ ਸਾਲ ਪਹਿਲਾਂ ਕੀਤਾ ਗਿਆ ਸੀ, ਜਿਸ ਨੂੰ ਆਧੁਨਿਕ ਵਾਹਨਾਂ ਅਤੇ ਸਾਰੇ ਜ਼ਰੂਰੀ ਉਪਕਰਣਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਸੜਕ ਹਾਦਸਿਆਂ ਵਿਚ 48.10% ਦੀ ਕਮੀ ਆਈ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਿਤਨ ਗਡਕਰੀ ਨੇ ਵੀ ਪੰਜਾਬ ਪੁਲਿਸ ਦੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਵਿਚ ਨਸ਼ਿਆਂ ਵਿਰੁਧ ਇਕ ਵੱਡੀ ਜੰਗ ਛੇੜੀ ਗਈ ਹੈ, ‘ਯੁੱਧ ਨਸ਼ਿਆਂ ਵਿਰੁਧ’। ਇਸ ਮੁਹਿੰਮ ਦੀ ਰਣਨੀਤੀ ਕਾਫ਼ੀ ਸਮੇਂ ਤੋਂ ਤਿਆਰ ਕੀਤੀ ਜਾ ਰਹੀ ਸੀ, ਜਿਸ ਵਿਚ ਇਹ ਵੀ ਵਿਚਾਰ ਕੀਤਾ ਗਿਆ ਸੀ ਕਿ ਇਸ ਦੇ ਕੀ ਮਾੜੇ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ, ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਬੀਤੇ ਦਿਨ ਪੰਜਾਬ ਪੁਲਿਸ ਨੇ 10,000 ਘਰਾਂ ‘ਤੇ ਛਾਪੇਮਾਰੀ ਕੀਤੀ। ਜੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਜਾਵੇ, ਤਾਂ ਕੋਈ ਵੀ ਅਪਰਾਧ ਅਜਿਹਾ ਨਹੀਂ ਹੈ ਜਿਸ ਨੂੰ ਖ਼ਤਮ ਨਾ ਕੀਤਾ ਜਾ ਸਕਦਾ।
ਇਸ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਨੂੰ ਯੋਗਤਾ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਤੁਸੀਂ ਜਿੱਥੇ ਵੀ ਕੰਮ ਕਰਦੇ ਹੋ, ਤੁਹਾਨੂੰ ਲੋਕਾਂ ਨੂੰ ਇਨਸਾਫ਼ ਦੇਣਾ ਪੈਂਦਾ ਹੈ। ਮੈਨੂੰ ਮਾਣ ਹੈ ਕਿ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਸਿਪਾਹੀ ਸਾਡੀ ਪੁਲਿਸ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਈਸ਼ਵਰ ਸਿੰਘ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਬਹੁਤ ਮਹੱਤਵਪੂਰਨ ਹੈ। ਇੱਥੋਂ ਸਿਰਫ਼ ਪੰਜਾਬ ਦੀ ਹੀ ਨਹੀਂ ਸਗੋਂ ਹੋਰ ਰਾਜਾਂ ਦੀ ਪੁਲਿਸ ਨੂੰ ਵੀ ਸਿਖਲਾਈ ਦਿਤੀ ਜਾਂਦੀ ਹੈ। ਇਹ ਕੇਂਦਰ 1947 ਵਿਚ ਸਥਾਪਤ ਕੀਤਾ ਗਿਆ ਸੀ। ਝਾਰਖੰਡ ਅਤੇ ਉੱਤਰਾਖੰਡ ਦੇ ਕਰਮਚਾਰੀਆਂ ਨੂੰ ਵੀ ਇੱਥੋਂ ਸਿਖਲਾਈ ਦਿਤੀ ਜਾਂਦੀ ਹੈ।